ਪਰਵਿੰਦਰ ਸਿੰਘ ਕੰਧਾਰੀ
- ਫਰੀਦਕੋਟ ਜਿਲ੍ਹੇ ਵਿੱਚ ਵੀ ਕਣਕ ਦੀ ਸਰਕਾਰੀ ਖਰੀਦ ਸ਼ੁਰੂ
ਫਰੀਦਕੋਟ , 10 ਅਪ੍ਰੈਲ 2021 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀਡੀਓ ਕਾਨਫ੍ਰੰਸ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਣ ਕੀਤਾ। ਇਸ ਸਬੰਧੀ ਸਥਾਨਕ ਐਨ ਆਈ ਸੀ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀ ਨਾਲ ਇਸ ਵਰਚੁਅਲ ਮੀਟਿੰਗ ਨੂੰ ਅਟੈਂਡ ਕੀਤਾ ਅਤੇ ਜ਼ਿਲ੍ਹੇ ਵਿਚਲੇ ਖ਼ਰੀਦ ਪ੍ਰਬੰਧਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਵਰਚੂਅਲ ਮੀਟਿੰਗ ਮਗਰੋਂ ਫਰੀਦਕੋਟ ਜਿਲ੍ਹੇ ਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ।
ਇਸ ਮੌਕੇ ਮੁੱਖ ਮੰਤਰੀ ਨੇ ਮੰਡੀ ਬੋਰਡ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ਕਣਕ ਦੀ ਖਰੀਦ ਸੰਬੰਧੀ ਕਿਸੇ ਤਰ੍ਹਾ ਦੀ ਦਿੱਕਤ ਨਾਂ ਆਉਣ ਦਿੱਤੀ ਜਾਵੇ ।ਉਨ੍ਹਾਂ ਕਿਹਾ ਕਿ ਖਰੀਦ ਦੇ ਸਾਰੇ ਅਮਲ ਵਿੱਚ ਵਿਚ ਆੜਤੀਆਂ ਦੀ ਭੁਮਿਕਾ ਪਹਿਲਾਂ ਦੀ ਤਰ੍ਹਾਂ ਬਣੀ ਰਹੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਕਣਕ ਦੀ ਅਦਾਇਗੀ 48 ਘੰਟੇ ਵਿਚ ਕਰਨ ਦੇ ਨਾਲ ਨਾਲ ਆੜਤੀਆਂ ਦੀਆਂ ਮੰਗਾਂ ਮੰਨਨ ਦਾ ਐਲਾਣ ਕੀਤਾ ਜਿਸ ਤੋਂ ਬਾਅਦ ਆੜਤੀਆਂ ਐਸੋਸੀਏਸ਼ਨ ਵੱਲੋਂ ਆਪਣੀ ਹੜਤਾਲ ਖਤਮ ਕਰਨ ਦਾ ਐਲਾਣ ਕਰਦਿਆਂ ਖਰੀਦ ਪ੍ਰਿਆ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਮੰਡੀ ਢਾਂਚਾ ਸਭ ਤੋਂ ਵਧੀਆ ਹੈ ਜਿਸ ਨੂੰ ਕੇਂਦਰ ਸਰਕਾਰ ਖਰਾਬ ਕਰਨ ਲਈ ਗਲਤ ਨੀਤੀਆਂ ਬਣਾ ਕੇ ਸੂਬਿਆਂ ਨੂੰ ਮੰਨਨ ਲਈ ਮਜਬੂਰ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਿਸਾਨਾਂ ਅਤੇ ਆੜਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਆੜਤੀਆਂ ਦੇ ਰੁਜਗਾਰ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਦੀ ਸਹੁਲਤ ਲਈ ਸਾਰੇ ਇੰਤਜਾਮ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਜਾਂ ਆੜਤੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀ ਬੋਰਡ ਦੇ ਚੇਅਰਮੈਨ ਸ: ਲਾਲ ਸਿੰਘ ਨੇ ਦੱਸਿਆ ਕਿ ਕੋਵਿਡ ਦੇ ਮੱਦੇਨਜਰ ਮੰਡੀਆਂ ਵਿਚ ਪੁਰੇ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ ਅਤੇ ਮੁੱਖ ਮੰਡੀਆਂ ਵਿਚ ਵੈਕਸੀਨ ਲਗਾਉਣ ਦੀ ਵਿਵਸਥਾ ਵੀ ਸਿਹਤ ਮਹਿਕਮੇ ਨਾਲ ਮਿਲ ਕੇ ਕੀਤੀ ਜਾ ਰਹੀ ਹੈ।
ਇਸ ਵਰਚੂਅਲ ਸਮਾਗਮ ਵਿੱਚ ਫਰੀਦਕੋਟ ਵਿਖੇ ਡਿਪਟੀ ਕਮਿਸ਼ਨਰ ਤੋ ਇਲਾਵਾ ਐਸਡੀਐਮ ਫਰੀਦਕੋਟ ਮੈਡਮ ਪੂਨਮ ਸਿੰਘ, ਜ਼ਿਲ੍ਹਾ ਮੰਡੀ ਅਫਸਰ ਸ੍ਰੀ ਗੌਰਵ ਗਰਗ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਜਸਜੀਤ ਕੌਰ ਸਮੇਤ ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।