ਅਸ਼ੋਕ ਵਰਮਾ
ਬਠਿੰਡਾ,10 ਅਪਰੈਲ2021: ਆਂਗਣਵਾੜੀ ਮੁਲਾਜਮਾਂ ਨੇ ਅੱਜ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਾਅਦਾ ਖਿਲਾਫੀਆਂ ਨੂੰ ਲੈਕੇ ਹੁਣ ਵਿਧਾਇਕਾਂ ਨੂੰ ਘੇਰਿਆ ਜਾਏਗਾ ਅਤੇ ਸਰਕਾਰ ਨੂੰ ਜਗਾਉਣ ਲਈ ਮੰਤਰੀ ਨੂੰ ਖੂਨ ਨਾਲ ਲਿਖ ਕੇ ਪੱਤਰ ਭੇਜੇ ਜਾਣਗੇ। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਮਾਲਵੇ ਦੇ ਜਿਲਿ੍ਹਆਂ ਨਾਲ ਸਬੰਧਤ ਆਗੂਆਂ ਦੀ ਬਠਿੰਡਾ ਵਿਖੇ ਮੀਟਿੰਗ ’ਚ ਇਹ ਫੈਸਲੇ ਲਏ ਹਨ ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤੀ । ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ 1 ਮਈ ਤੋਂ 16 ਮਈ ਤੱਕ ਵੱਖ-ਵੱਖ ਬਲਾਕਾਂ ਵੱਲੋਂ ਅੱਡ ਅੱਡ ਦਿਨਾਂ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਧਾਇਕਾਂ ਰਾਹੀਂ ਖੂਨ ਨਾਲ ਲਿਖੇ ਹੋਏ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਭੇਜੇ ਜਾਣਗੇ । ਹਰਗੋਬਿੰਦ ਕੌਰ ਨੇ ਦੱਸਿਆ ਕਿ 23 ਮਈ ਤੋਂ ਲੈ ਕੇ ਅਗਸਤ ਮਹੀਨੇ ਤੱਕ ਹਰ ਸ਼ਨੀਵਾਰ ਤੇ ਐਤਵਾਰ ਨੂੰ ਵੱਖ-ਵੱਖ ਜਿਲਿ੍ਹਆਂ ਵਿੱਚ ਵਾਰੀ ਨਾਲ ਕਾਂਗਰਸ ਪਾਰਟੀ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਇਹਨਾਂ ਮੰਤਰੀਆਂ ਨੂੰ ਵੀ ਮੁੱਖ ਮੰਤਰੀ ਨੂੰ ਯੌਂਪਣ ਲਈ ਖੂਨ ਨਾਲ ਲਿਖੇ ਮੰਗ ਪੱਤਰ ਦਿੱਤੇ ਜਾਣਗੇ । ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਜਿਹੇ ਰਾਹ ਪੈਣਾ ਨਹੀਂ ਚਹੁੰਦੀਆਂ ਸਨ,ਇਹ ਤਾਂ ਪੰਜਾਬ ਸਰਕਾਰ ਦੀ ਟਾਲਮਟੋਲ ਦੀ ਨੀਤੀ ਅਤੇ ਵਾਅਦਾ ਕਰਨ ਉਪਰੰਤ ਮੁੱਕਰਨ ਕਾਰਨ ਇਸ ਤਰਾਂ ਦੇ ਕਦਮ ਚੁੱਕਣੇ ਪਏ ਹਨ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਆਗਣਵਾੜੀ ਮੁਲਾਜਮਾਂ ਨਾਲ ਇਨਸਾਫ ਕਰੇ ਜਾਂ ਫਿਰ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਹਰਗੋਬਿੰਦ ਕੌਰ ਨੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਆਂਗਣਵਾੜੀ ਸੈਂਟਰਾਂ ’ਚ ਵਾਪਿਸ ਭੇਜਣ, ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦੇਣ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਣ, ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਅਤੇ ਕਰੈਚ ਵਰਕਰਾਂ ਨੂੰ ਵਿਭਾਗ ਅਧੀਨ ਲਿਆਉਣ , ਵਰਕਰਾਂ ਨੂੰ ਸਮਾਰਟ ਫੋਨ ਦੇਣ , ਉਤਸ਼ਾਹ ਵਰਧਕ ਰਾਸ਼ੀ ਵਰਕਰ ਨੂੰ 500 ਤ ਹੈਲਪਰ ਨੂੰ 250 ਰੁਪਏ ਦੇਣ ਅਤੇ ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਅਤੇ ਪੀਐਮਵੀ ਵਾਈ ਦੇ ਬਕਾਇਆ ਪੈਸੇ ਰਲੀਜ ਕਰਨ ਦੀ ਮੰਗ ਕੀਤੀ । ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਨੂੰ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।
ਇਹ ਆਗੂ ਵੀ ਸਨ ਹਾਜਰ
ਇਸ ਸਮੇਂ ਛਿੰਦਰਪਾਲ ਕੌਰ ਥਾਂਦੇਵਾਲਾ , ਬਲਵੀਰ ਕੌਰ ਮਾਨਸਾ , ਛਿੰਦਰਪਾਲ ਕੌਰ ਭਗਤਾ,ਬਲਜੀਤ ਕੌਰ ਪੇਧਨੀ , ਸ਼ੀਲਾ ਦੇਵੀ ਫਿਰੋਜਪੁਰ, ਮਹਿੰਦਰ ਕੌਰ ਪੱਤੋਂ , ਗੁਰਮੀਤ ਕੌਰ ਗੋਨੇਆਣਾ , ਕੁਲਜੀਤ ਕੌਰ ਗੁਰੂ ਹਰਸਹਾਏ , ਅੰਮਿ੍ਰਤਪਾਲ ਕੌਰ ਬੱਲੂਆਣਾ , ਜਸਵਿੰਦਰ ਕੌਰ ਬੱਬੂ ਦੋਦਾ , ਕਿਰਨਜੀਤ ਕੌਰ ਭੰਗਚਿੜੀ , ਬਲਵਿੰਦਰ ਕੌਰ ਮਾਨਸਾ , ਜਸਵੰਤ ਕੌਰ ਭੀਖੀ , ਗੁਰਮੀਤ ਕੌਰ ਜੈਤੋ , ਸਤਵੰਤ ਕੌਰ ਤਲਵੰਡੀ , ਰੇਸ਼ਮਾ ਰਾਣੀ ਫਾਜਲਿਕਾ , ਸੁਮਿੱਤਰਾ ਦੇਵੀ ਫਾਜਲਿਕਾ , ਇੰਦਰਜੀਤ ਕੌਰ ਸਰਵਰ ਖੂਹੀਆਂ,ਸੋਮਾ ਰਾਣੀ ਬਠਿੰਡਾ,ਸਰਬਜੀਤ ਕੌਰ ਬਾਘਾਪੁਰਾਣਾ , ਪਰਮਜੀਤ ਕੌਰ ਸ਼ੇਰਪੁਰ , ਭੋਲੀ ਮਹਿਲ ਕਲਾਂ , ਹਰਮੇਸ਼ ਕੌਰ ਲਹਿਰਾਗਾਗਾ , ਲਾਭ ਕੌਰ ਪਥਰਾਲਾ , ਕੁਲਵਿੰਦਰ ਕੌਰ ਜੀਰਾ , ਕੁਲਵੰਤ ਕੌਰ ਨਿਹਾਲ ਸਿੰਘ ਵਾਲਾ , ਹਰਪਾਲ ਕੌਰ ਫਰਵਾਹੀ , ਸੁਰਿੰਦਰਪਾਲ ਕੌਰ ਮਲੇਰਕੋਟਲਾ ਅਤੇ ਪ੍ਰਕਾਸ਼ ਕੌਰ ਮਮਦੋਟ ਆਦਿ ਆਗੂ ਹਾਜਰ ਸਨ ।