ਅਸ਼ੋਕ ਵਰਮਾ
ਬਠਿੰਡਾ,10 ਅਪਰੈਲ2021:ਆਮ ਆਦਮੀ ਪਾਰਟੀ ਨੇ ਪੰਜਾਬ ’ਚ ਮਹਿੰਗੀ ਬਿਜਲੀ ਮੁੱਦੇ ਨੂੰ ਲੈਕੇ ਪੰਜਾਬ ਸਰਕਾਰ ਨਾਲ ਸਿਆਸੀ ਆਢਾ ਲਾਉਣ ਦਾ ਐਲਾਨ ਕਰਦਿਆਂ ਪੰਜਾਬ ਭਰ ’ਚ 16 ਹਜਾਰ ਜਨ ਚੇਤਨਾਂ ਸਭਾਵਾਂ ਕਰਨ ਦਾ ਫੈਸਲਾ ਲਿਆ ਹੈ। ਅੱਜ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਨੇ ਵਾਅਦਾ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਵਾਸੀਆਂ ਨੂੰ ਮੀਂਗੀ ਬਿਜਲੀ ਤੋਂ ਰਾਹਤ ਦਿੱਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇਸੇ ਮਾਮਲੇ ਨੂੰ ਲੈਕੇ ਕੀਤੀਆਂ ਜਾਣ ਵਾਲੀਆਂ ਜਨ ਸਭਾਵਾਂ ਦੌਰਾਨ ਬਿਜਲੀ ਅੰਦੋਲਨ ਤਹਿਤ ਬਿਜਲੀ ਦੇ ਬਿੱਲ ਸਾੜਨ ਦੇ ਨਾਲ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਿਜਲੀ ਅੰਦੋਲਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੂਬੇ ਦੇ ਹਰ ਪਰਿਵਾਰ ਕੋਲ ਜਾ ਕੇ ਕੇਜਰੀਵਾਲ ਦਾ ਸਸਤੀ ਬਿਜਲੀ ਦੇਣ ਦਾ ਲਿਖਤੀ ਤੌਰ ਤੇ ਵਾਅਦਾ ਘਰ ਘਰ ਪੁੱਜਦਾ ਕਰਨਗੇ।
ਨਵਦੀਪ ਜੀਦਾ ਨੇ ਕਿਹਾ ਕਿ ਸਰਕਾਰ ਦੀਆਂ ਗਲ੍ਹਤ ਨੀਤੀਆਂ ਕਾਰਨ ਪੰਜਾਬ ਦਾ ਹਰ ਵਰਗ ਦੁਖੀ ਹੈ ਤੇ ਉਪਰੋਂ ਪੰਜਾਬ ਸਰਕਾਰ ਲਗਾਤਾਰ ਬਿਜਲੀ ਦੀਆਂ ਦਰਾਂ ਵਿਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਲੋਕਾਂ ਦੀ ਕਮਾਈ ਦਾ ਵੱਡਾ ਹਿੱਸਾ ਬਿਜਲੀ ਬਿੱਲ ਭਰਨ ਵਿੱਚ ਚਲਾ ਜਾਂਦਾ ਹੈ। ਆਪ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਿਰੋਧੀ ਧਿਰ ਦੀਆਂ ਗਤੀਵਿਧੀਆਂ ਤੋਂ ਘਬਰਾਕੇ ਕੋਰੋਨਾ ਦਾ ਸਹਾਰਾ ਲੈ ਰਹੀ ਹੈ ਅਤੇ ਮਹਾਂਮਾਰੀ ਤੋਂ ਬਚਣ ਲਈ ਸਿਹਤ ਸਹੂਲਤਾਂ ਬਿਹਤਰ ਕਰਨ ਦੀ ਬਜਾਏ ਤਾਨਾਸ਼ਾਹੀ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਵਾਂਗ ਸਿਹਤ ਸਹੂਲਤਾਂ ਵਿੱਚ ਵਾਧਾ ਕਰੇ ਨਾ ਕਿ ਕਰੋਨਾ ਦੀ ਆੜ ’ਚ ਲੋਕਾਂ ਨੂੰ ਡਰਾ ਕੇ ਘਰਾਂ ਵਿੱਚ ਬੰਦ ਕਰਨ ਤੇ ਜੋਰ ਲਾਵੇ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ, ਬਲਕਾਰ ਸਿੰਘ ਭੋਖੜਾ ਜਿਲ੍ਹਾ ਮੀਡੀਆ ਮਨਦੀਪ ਕੌਰ ਰਾਮਗੜ੍ਹੀਆ, ਸੰਦੀਪ ਸਿੰਘ ਧਾਲੀਵਾਲ ਅਤੇ ਅਮਰਦੀਪ ਸਿੰਘ ਰਾਜਨ ਆਦਿ ਆਗੂ ਹਾਜਰ ਸਨ।