ਅਸ਼ੋਕ ਵਰਮਾ
ਬਠਿੰਡਾ,10 ਅਪਰੈਲ 2021:ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੋਟਕਪੂਰਾ ’ਚ ਇਨਸਾਫ ਦੀ ਮੰਗ ਕਰ ਰਹੀ ਸਿੱਖ ਸੰਗਤ ਤੇ ਲਾਠੀਚਾਰਜ ਅਤੇ ਬਰਗਾੜੀ ’ਚ ਫਾਇਰਿੰਗ ਦੌਰਾਨ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਮਾਮਲੇ ਦੀ ਜਾਂਚ ਲਈ ਬਣਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣਾਈ ਐਸ ਆਈ ਟੀ ਦੇ ਸਬੰਧ ’ਚ ਦਿੱਤੇ ਫੈਸਲੇ ਨੂੰ ਲੈਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਦੇ ਵਕੀਲਾਂ ਨੇ ਅਦਾਲਤ ’ਚ ਸਹੀ ਢੰਗ ਨਾਲ ਪੱਖ ਰੱਖਿਆ ਹੁੰਦਾ ਤਾਂ ਅੱਜ ਇਹ ਹਾਲਾਤ ਨਹੀਂ ਬਣਨੇ ਸਨ।
ਉਨ੍ਹਾਂ ਆਖਿਆ ਕਿ ਅਦਾਲਤ ਦੇ ਨਿਰਦੇਸ਼ਾਂ ਨਾਲ ਕੈਪਟਨ ਅਤੇ ਬਾਦਲ ਪ੍ਰੀਵਾਰ ਦੀ ਕਥਿਤ ਭਿਆਲੀ ਸਾਹਮਣੇ ਆ ਗਈ ਹੈ। ਅੱਜ ਬਠਿੰਡਾ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਦਾਦੂਵਾਲ ਨੇ ਆਖਿਆ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਸਹੀ ਢੰਗ ਨਾਲ ਜਾਂਚ ਕਰ ਰਹੇ ਸਨ ਜਿਸ ਤੇ ਸਿੱਖ ਸੰਗਤ ਨੂੰ ਵੀ ਭਰੋਸਾ ਸੀ ਤਾਂ ਅਜਿਹੇ ਅਧਿਕਾਰੀ ਦਾ ਲਾਂਭੇ ਹੋਣਾ ਨਿਆਂ ਦੇ ਰਾਹ ’ਚ ਵੱਡਾ ਰੋੜਾ ਹੈ। ਉਨ੍ਹਾਂ ਆਖਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਐਸ ਆਈ ਟੀ ਦੇ ਮੁਖੀ ਵਜੋਂ ਤਨਦੇਹੀ ਨਾਲ ਜਾਂਚ ਕਰ ਰਹੇ ਸਨ ਅਤੇ ਇਸ ਪੜਤਾਲ ਤੇ ਸਿੱਖ ਕੌਮ ਨੂੰ ਪੂਰਾ ਪੂਰਾ ਵਿਸ਼ਵਾਸ਼ ਵੀ ਸੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਨ ਲਈ ਅਦਾਲਤ ’ਚ ਸਹਿਮਤੀ ਦੇਣਾ ਵੀ ਕੈਪਟਨ ਬਾਦਲ ਦੀ ਕਥਿਤ ਦੋਸਤੀ ਵੱਲ ਇਸ਼ਾਰਾ ਹੈ।
ਉਨ੍ਹਾਂ ਆਖਿਆ ਕਿ ਅਦਾਲਤ ਕੋਈ ਵੀ ਫੈਸਲਾ ਦੇ ਦਿੰਦੀ ਪਰ ਪੰਜਾਬ ਸਰਕਾਰ ਦੇ ਪ੍ਰਤੀਨਿਧ ਨੂੰ ਕਥਿਤ ਸਹਿਮਤੀ ਨਹੀਂ ਦੇਣ ਦੀ ਥਾਂ ਮਾਮਲਾ ਸੁਪਰੀਮ ਕੋਰਟ ’ਚ ਲਿਜਾਇਆ ਜਾਣਾ ਸੀ। ਉਨ੍ਹਾਂ ਕਿਹਾ ਕਿ ਸਾਲ 2015 ’ਚ ਵਾਪਰੇ ਇੰਨ੍ਹਾਂ ਦੋਵਾਂ ਕਾਂਡਾਂ ਤੋਂ ਬਾਅਦ ਇੱਕ ਵਾਰ ਫਿਰ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਜਿਸ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਆਖਿਆ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਰਕਾਰ ਆਉਣ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਸੀਖਾਂ ਪਿੱਛੇ ਡੱਕਣ ਦਾ ਵਾਅਦਾ ਕੀਤਾ ਸੀ ਪਰ ਅੱਜ ਚਾਰ ਸਾਲ ਬਾਅਦ ਵੀ ਮਾਮਲਾ ਉੱਥੇ ਦਾ ਉੱਥੇ ਹੈ। ਜੱਥੇਦਾਰ ਦਾਦੂਵਾਲ ਨੇ ਆਖਿਆ ਕਿ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ’ਚ ਲਿਜਾਣਗੇ।