ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 11 ਅਪ੍ਰੈਲ 2021 - ਸਾਨ ਫ੍ਰਾਂਸਿਸਕੋ ਬੇ ਏਰੀਆ ਦੇ ਸਮੁੰਦਰੀ ਕੰਢਿਆਂ ਤੇ ਨੌਂ ਦਿਨਾਂ ਵਿੱਚ ਚਾਰ ਸਲੇਟੀ ਰੰਗ ਦੀਆਂ ਵ੍ਹੇਲ ਮੱਛੀਆਂ ਦੀ ਮੌਤ ਹੋਈ ਹੈ, ਜਿਹਨਾਂ ਵਿੱਚੋਂ ਮਾਹਰਾਂ ਦੇ ਅਨੁਸਾਰ ਇੱਕ ਦੀ ਸ਼ੁੱਕਰਵਾਰ ਨੂੰ ਇਕ ਜਹਾਜ਼ ਨਾਲ ਟੱਕਰ ਹੋਣ ਤੋਂ ਬਾਅਦ ਮੌਤ ਹੋਈ ਜਦਕਿ ਬਾਕੀ ਤਿੰਨਾਂ ਦੀ ਮੌਤ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਰੇਨ ਮੈਮਲ ਸੈਂਟਰ ਦੇ ਪੈਥੋਲੋਜੀ ਦੇ ਡਾਇਰੈਕਟਰ ਡਾ. ਪੈਡਰੈਗ ਡਿਗੈਨਨ ਅਨੁਸਾਰ ਸਿਰਫ ਇੱਕ ਹਫਤੇ ਵਿੱਚ ਚਾਰ ਸਲੇਟੀ ਵ੍ਹੇਲਾਂ ਦਾ ਮਰਨਾ ਚਿੰਤਾਜਨਕ ਹੈ। ਇਸ ਸੰਬੰਧੀ 41 ਫੁੱਟ ਦੀ ਬਾਲਗ ਫੀਮੇਲ ਸਲੇਟੀ ਵ੍ਹੇਲ ਦੀ ਪਹਿਲੀ ਲਾਸ਼ 31 ਮਾਰਚ ਨੂੰ ਸਾਨ ਫ੍ਰਾਂਸਿਸਕੋ ਦੇ ਕ੍ਰਿਸਸੀ ਫੀਲਡ ਵਿਖੇ ਮਿਲੀ ਅਤੇ ਇੱੱਕ ਦੂਜੀ ਬਾਲਗ ਵੇਲ੍ਹ ਪਿਛਲੇ ਸ਼ਨੀਵਾਰ ਸਾਨ ਮੈਟੋ ਕਾਉਂਟੀ ਦੇ ਮੌਸ ਬੀਚ ਤੋਂ ਮਿਲੀ। ਤੀਸਰੀ ਲਾਸ਼ ਨੂੰ ਬੁੱਧਵਾਰ ਨੂੰ ਬਰਕਲੇ ਮਰੀਨਾ ਨੇੜੇ ਤੈਰਦੀ ਨੂੰ ਪਾਇਆ ਗਿਆ ਅਤੇ ਅਗਲੇ ਹੀ ਦਿਨ ਇੱਕ ਮਾਰਿਨ ਕਾਉਂਟੀ ਦੇ ਮਯੂਰ ਬੀਚ ਵਿੱਚ ਬਰਾਮਦ ਹੋਈ। ਮਾਹਰਾਂ ਨੇ ਇਹ ਨਿਰਧਾਰਤ ਨਹੀਂ ਕੀਤਾ ਹੈ ਕਿ ਦੂਸਰੀਆਂ ਤਿੰਨ ਮੱਛੀਆਂ ਕਿਸ ਤਰ੍ਹਾਂ ਮਰ ਗਈਆਂ ਜਾਂ ਉਨ੍ਹਾਂ ਦੀ ਮੌਤ ਦੇ ਪਿੱਛੇ ਭੁੱਖਮਰੀ ਸੀ।
ਮਾਹਿਰਾਂ ਅਨੁਸਾਰ ਇਕ ਹਫ਼ਤੇ ਵਿੱਚ ਇਹ ਬਹੁਤ ਸਾਰੀਆਂ ਮਰ ਚੁੱਕੀਆਂ ਵ੍ਹੇਲਾਂ ਹੈਰਾਨ ਕਰਨ ਵਾਲੀਆਂ ਹਨ। ਇਸ ਖੇਤਰ ਵਿੱਚ ਵ੍ਹੇਲ ਮੱਛੀਆਂ ਮੈਕਸੀਕੋ ਦੇ ਪਾਣੀਆਂ ਤੋਂ ਸਰਦੀਆਂ ਲਈ 10,000 ਮੀਲ ਦਾ ਸਫ਼ਰ ਤੈਅ ਕਰਦੀਆਂ ਹਨ, ਜਿਥੇ ਉਹ ਬਾਜਾ ਕੈਲੀਫੋਰਨੀਆ ਦੇ ਤੱਟ ਦੇ ਨਜ਼ਦੀਕ ਬੱਚਿਆਂ ਨੂੰ ਜਨਮ ਦਿੰਦੀਆਂ ਹਨ। 2019 ਵਿੱਚ, ਘੱਟੋ ਘੱਟ 13 ਵ੍ਹੇਲ ਮੱਛੀਆਂ ਦੀ ਬੇਅ ਏਰੀਆ ਵਿੱਚ ਸਮੁੰਦਰੀ ਕੰਢਿਆਂ ਤੇ ਮੌਤ ਹੋਈ ਸੀ ਅਤੇ ਵਿਗਿਆਨੀਆਂ ਨੂੰ ਡਰ ਸੀ ਕਿ ਇਹ ਭੁੱਖ ਨਾਲ ਮਰ ਰਹੀਆਂ ਸਨ ਅਤੇ ਪ੍ਰਸ਼ਾਸਨ ਦੁਆਰਾ ਇਹਨਾਂ ਸੰਬੰਧੀ ਇੱਕ "ਅਸਾਧਾਰਣ ਮੌਤ ਦਰ" ਦੀ ਘੋਸ਼ਣਾ ਕੀਤੀ ਗਈ ਸੀ।