ਹਰਦਮ ਮਾਨ
ਸਰੀ, 11 ਅਪ੍ਰੈਲ 2021 - ਕੈਨੇਡਾ ਵਿਚ ਬੇਸ਼ੱਕ ਕੋਵਿਡ-19 ਦਾ ਕਹਿਰ ਤਾਂ ਮੱਠਾ ਨਹੀਂ ਪੈ ਰਿਹਾ ਪਰ ਰੁਜ਼ਗਾਰ ਦੀ ਸਥਿਤੀ ਦਿਨ ਬ ਦਿਨ ਸੁਧਰ ਰਹੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਮਾਰਚ ਦੌਰਾਨ ਬੇਰੁਜ਼ਗਾਰੀ ਦੀ ਦਰ ਘਟੀ ਹੈ ਅਤੇ ਤਿੰਨ ਲੱਖ ਨੌਕਰੀਆਂ ਦਾ ਵਾਧਾ ਹੋਇਆ ਹੈ। ਫਰਵਰੀ ਵਿਚ ਬੇਰੁਜ਼ਗਾਰੀ ਦੀ ਦਰ 8.2 ਪ੍ਰਤੀਸ਼ਤ ਸੀ ਜੋ ਕਿ ਮਾਰਚ ਵਿਚ 7.5 ਪ੍ਰਤੀਸ਼ਤ ਰਹਿ ਗਈ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ,ਪ੍ਰਿੰਸ ਐਡਵਰਡ ਆਈਲੈਂਡ,ਕਿਊਬੈਕ,ਓਨਟਾਰੀਓ,ਮੈਨੀਟੋਬਾ,ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਰੁਜ਼ਗਾਰ ਦੇ ਮੌਕੇ ਵਧੇ ਹਨ ਪਰ ਨੋਵਾ ਸਕੋਸ਼ੀਆ, ਨਿਊ ਬਰਨਸਵਿਕ ਅਤੇ ਸਸਕੈਚਵਨ ਵਿਚ ਕੋਈ ਤਬਦੀਲੀ ਨਹੀਂ ਹੋਈ।
ਇਸੇ ਦੌਰਾਨ ਬੀ.ਸੀ. ਦੇ ਜੌਬਸ, ਇਕਨਾਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ ਰਵੀ ਕਾਹਲੋਂ ਦਾ ਕਹਿਣਾ ਹੈ ਕਿ ਬੀ.ਸੀ. ਵਿਚ ਮਾਰਚ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 6.9 ਪ੍ਰਤੀਸ਼ਤ ਨੋਟ ਕੀਤੀ ਗਈ ਹੈ ਅਤੇ ਪਿਛਲੇ ਮਹੀਨੇ 35,000 ਨੌਕਰੀਆਂ ਦਾ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਸੀ ਵਿਚ ਪਿਛਲੇ 11 ਮਹੀਨਿਆਂ ਤੋਂ ਨੌਕਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਬੀ.ਸੀ. ਦਾ ਜੌਬ ਰਿਕਵਰੀ ਰੇਟ ਕੈਨੇਡਾ ਵਿਚ ਸਭ ਤੋਂ ਵੱਧ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com