- ਅਧਿਆਪਕ ਲਾਮਬੰਦੀ ਕਰਕੇ ਸਰਕਾਰ ਨੂੰ ਕਰਾਂਗੇ ਬੇਨਕਾਬ: ਦਿੱਗਵਿਜੇ ਪਾਲ ਸ਼ਰਮਾ
ਮੋਗਾ/ਫ਼ਰੀਦਕੋਟ/ਮੁਹਾਲੀ, 11ਅਪ੍ਰੈਲ 2021 - ਮੁੱਖ ਮੰਤਰੀ ਦੇ ਸ਼ਹਿਰ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਦਮਨ ਹੈ। ਅਧਿਆਪਕਾਂ ਨੂੰ ਹੱਕ ਦੇਣ ਦੀ ਬਜਾਏ ਭਾਖੜਾ ਨਹਿਰ ਵਿੱਚ ਛਾਲਾਂ ਮਾਰਨ ਲਈ ਮਜ਼ਬੂਰ ਕਰਨਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਦਰਸਾਉਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਤੇ ਸਕੱਤਰ ਸਰਵਣ ਸਿੰਘ ਔਜਲਾ ਨੇ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ।
ਉਨ੍ਹਾਂ ਆਖਿਆ ਕਿ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਰਾਜ ਸੱਤਾ ਵਿੱਚ ਆਈ ਕੈਪਟਨ ਸਰਕਾਰ ਹੁਣ ਰੁਜ਼ਗਾਰ ਦੇਣ ਦੀ ਬਜਾਏ ਲਾਠੀ, ਗੋਲੀ ਦੀ ਨੀਤੀ ਤੇ ਉੱਤਰ ਆਈ ਹੈ।ਜਿਹੜੀ ਸਰਕਾਰ ਦੇ ਰੁਜ਼ਗਾਰ ਨਾ ਦੇਣ ਦੇ ਕਾਲੇ ਮਨਸੂਬਿਆਂ ਨੂੰ ਜੱਗ ਜ਼ਾਹਰ ਕਰਦੀ ਹੈ। ਸਰਕਾਰ ਦੇ ਅਜਿਹੇ ਕਦਮਾਂ ਦੀ ਤਿੱਖੀ ਆਲੋਚਨਾ ਕਰਦਿਆਂ ਸੂਬਾਈ ਆਗੂਆਂ ਕਰਨੈਲ ਸਿੰਘ ਚਿੱਟੀ, ਗੁਰਮੀਤ ਕੋਟਲੀ, ਜਸਵਿੰਦਰ ਸਿੰਘ ਬਠਿੰਡਾ ਤੇ ਬਲਬੀਰ ਚੰਦ ਲੌਂਗੋਵਾਲ ਨੇ ਆਖਿਆ ਕਿ ਮੀਡੀਆ ਵਿੱਚ ਨਿੱਤ ਰੋਜ਼ ਵਿਕਾਸ ਦੇ ਝੂਠੇ ਦਾਅਵੇ ਕਰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇਣ ਵਾਲੀ ਸਰਕਾਰ ਬੇਰੁਜ਼ਗਾਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀ ਹੈ।
ਜਿਸਦਾ ਸਿੱਧਾ ਤੇ ਸਾਫ਼ ਮਤਲਬ ਪੰਜਾਬ ਸਰਕਾਰ ਕੇਂਦਰ ਦੀ ਮੋਦੀ ਹਕੂਮਤ ਦੀ ਤਰਜ਼ ਤੇ ਰੁਜ਼ਗਾਰ ਖੋਹ ਕੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਰਾਹ ਪੱਧਰਾ ਰਹੀ ਹੈ। ਆਗੂਆਂ ਨੇ ਆਖਿਆ ਕਿ ਰੁਜ਼ਗਾਰ ਨੌਜਵਾਨਾਂ ਦਾ ਹੱਕ ਹੈ।ਬੇਰੁਜ਼ਗਾਰਾਂ ਨੂੰ ਇਸ ਹੱਕ ਤੋਂ ਵਾਝਿਆਂ ਕਰਨਾ ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਅਧਿਆਪਕਾਂ ਦੀ ਲਾਮਬੰਦੀ ਕਰਕੇ ਡੀ.ਟੀ.ਐੱਫ.ਵੱਲੋਂ 25 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਰੋਸ ਰੈਲੀ ਤੇ ਮੁਜ਼ਾਹਰਾ ਕਰਕੇ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਕੀਤਾ ਜਾਵੇਗਾ।
ਬੇਰੁਜ਼ਗਾਰ ਅਧਿਆਪਕਾਂ ਦੇ ਹੱਕੀ ਘੋਲ਼ ਦੀ ਹਮਾਇਤ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂਆਂ ਹਰਦੇਵ ਮੁੱਲਾਂਪੁਰ, ਸੁਖਵਿੰਦਰ ਸੁੱਖੀ,ਲਖਵੀਰ ਸਿੰਘ ਹਰੀਕੇ,ਅਮਨਦੀਪ ਮਟਵਾਣੀ,ਕਰਮਜੀਤ ਤਾਮਕੋਟ, ਰੇਸ਼ਮ ਸਿੰਘ, ਬਠਿੰਡਾ ਨਵਚਰਨਪ੍ਰੀਤ ਕੌਰ,ਜਗਵੀਰਨ ਕੌਰ, ਤਲਵਿੰਦਰ ਖਰੌੜ, ਸਨੇਹਦੀਪ ਪਟਿਆਲਾ,ਹਰਜਿੰਦਰ ਅਨੂਪਗੜ੍ਹ,ਗਗਨ ਪਾਹਵਾ, ਸੁਰਿੰਦਰਜੀਤ ਮਾਨ, ਹਰਵਿੰਦਰ ਬਟਾਲਾ, ਰੌਸ਼ਨ ਲਾਲ ਬੇਗੋਵਾਲ, ਰਾਜਦੀਪ ਸੰਧੂ, ਚਰਨਜੀਤ ਸਿੰਘ ਕਪੂਰਥਲਾ, ਦਲਜੀਤ ਸਮਰਾਲਾ ਤੇ ਹਰਭਗਵਾਨ ਗੁਰਨੇ ਨੇ ਸੰਘਰਸ਼ ਵਿੱਚ ਡਟਣ ਦਾ ਅਹਿਦ ਲਿਆ।