ਅਸ਼ੋਕ ਵਰਮਾ
ਸੰਗਰੂਰ, 11ਅਪਰੈਲ2021:ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਟਿਆਲਾ ਅਤੇ ਸੰਗਰੂਰ ਚ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਤੇ ਮੁੜ ਲਾਠੀਚਾਰਜ ਕੀਤਾ ਗਿਆ ਅਤੇ ਰੁਜ਼ਗਾਰ ਦੇ ਮੁੱਦੇ ਤੇ ਬੌਲੀ ਹੋ ਚੁੱਕੀ ਸਰਕਾਰ ਨੂੰ ਸੁਣਾਉਣ ਲਈ ਬੇਰੁਜ਼ਗਾਰਾਂ ਵੱਲੋਂ ਭਾਖੜਾ ਨਹਿਰ ਵਿੱਚ ਛਾਲਾਂ ਮਾਰੀਆਂ ਗਈਆਂ ਜਿਸ ਵਰਤਾਰੇ ਦੀ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਕੈਪਟਨ ਸਰਕਾਰ ਸੱਤਾ ਦੇ ਨਸ਼ੇ ਵਿੱਚ ਐਨੀ ਗਰੂਰੀ ਗਈ ਹੈ ਕਿ ਹੁਣ ਬੇਰੁਜ਼ਗਾਰਾਂ ਨੂੰ ਨੌਕਰੀਆਂ ਲੈਣ ਲਈ ਵਿਦਿਅਕ ਯੋਗਤਾ ਦੇ ਨਾਲ ਨਾਲ ਟੈਂਕੀਆਂ-ਮੋਬਾਇਲ ਟਾਵਰਾਂ 'ਤੇ ਚੜ ਕੇ ਭੁੱਖਣ ਭਾਣੇ ਬੈਠਣਾ ਪੈਦਾ ਹੈ ਜਾਂ ਆਪਣੀ ਜਾਨ ਸੂਲੀ ਤੇ ਟੰਗ ਕੇ ਨਹਿਰਾਂ ਵਿੱਚ ਛਾਲਾਂ ਮਾਰਨੀਆਂ ਪੈ ਰਹੀਆਂ ਹਨ, ਜਦ ਕਿ ਦੂਜੇ ਪਾਸੇ ਕੈਪਟਨ ਸਰਕਾਰ ਦੀ ਹੱਲਾਸ਼ੇਰੀ ਦਿੱਤੀ ਅਫਸਰਸ਼ਾਹੀ ਮਹਿਕਮਿਆਂ ਦੀ ਆਕਾਰ ਘਟਾਈ ਕਰ ਕੇ ਇਹ ਬੇਰੁਜ਼ਗਾਰਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ।
ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਗੁਰਮੀਤ ਸੁੱਖਪੁਰ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ, ਮੁੱਖ ਬੁਲਾਰੇ ਹਰਦੀਪ ਟੋਡਰਪੁਰ, ਸੰਯੁਕਤ ਸਕੱਤਰ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਮੁਕਤਸਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਸਿੰਘ, ਸਹਾਇਕ ਵਿਤ ਸਕੱਤਰ ਤੇਜਿੰਦਰ ਸਿੰਘ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਪੋਸਟਾਂ ਦਾ ਖ਼ਾਤਮਾ ਕਰਨ ਦੀ ਬਜਾਏ ਸਮੂਹ ਬੇਰੁਜ਼ਗਾਰ ਅਧਿਆਪਕਾਂ ਤੇ ਹੋਰਨਾਂ ਬੇਰੁਜ਼ਗਾਰਾ ਲਈ ਪੰਜਾਬ ਪੈਟਰਨ ਦੀ ਪੂਰੀ ਤਨਖਾਹ ਸਕੇਲ 'ਤੇ ਪੱਕੀਆਂ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ।