ਮੌਕੇ ’ਤੇ ਪੁੱਜੀ ਪੁਲਿਸ ਨੇ ਚੋਰ ਨੂੰ ਬਚਾਇਆ, ਮਾਮਲਾ ਦਰਜ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ 2021-ਸਥਾਨਕ ਅਬੋਹਰ ਰੋਡ ਸਥਿਤ ਸ਼ੇਰ ਸਿੰਘ ਚੌਂਕ ਵਿਖੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇਕ ਔਰਤ ਦਾ ਮੋਬਾਇਲ ਖੋਹ ਕੇ ਭੱਜ ਰਹੇ ਇਕ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸਦਾ ਜੰਮ ਕੇ ਕੁਟਾਪਾ ਚਾੜ੍ਹਿਆ। ਲੋਕਾਂ ਨੇ ਇਸ ਕਦਰ ਚੋਰ ਦੀ ਪਿਟਾਈ ਕੀਤੀ ਕਿ ਉਹ ਅੱਧਮਰਿਆ ਹੋ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਆ ਕੇ ਚੋਰ ਨੂੰ ਛੁਡਾਇਆ, ਜਦੋਂਕਿ ਪੁਲਸ ਦੇ ਦਖ਼ਲ ਦੇ ਚੱਲਦਿਆਂ ਵੀ ਇਹ ਹੰਗਾਮਾ ਕਰੀਬ ਡੇਢ ਘੰਟੇ ਤੱਕ ਚੱਲਦਾ ਰਿਹਾ।
ਜਾਣਕਾਰੀ ਅਨੁਸਾਰ ਉਕਤ ਰੋਡ ’ਤੇ ਇਕ ਔਰਤ ਦਾ ਮੋਬਾਇਲ ਖ਼ੋਹਕੇ ਭੱਜ ਰਹੇ ਚੋਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਉਸਦੀ ਖੂਬ ਛਿੱਤਰ ਪਰੇਡ ਕਰਦਿਆਂ ਲੋਕ ਉਸਨੂੰ ਮਲੋਟ ਰੋਡ ਸਥਿਤ ਮੰਗੇ ਦੇ ਪੰਪ ਤੱਕ ਲੈ ਗਏ ਸਨ, ਜਿਸ ਤੋਂ ਬਾਅਦ ਸੂਚਨਾ ਮਿਲਣ ’ਤੇ ਬੱਸ ਅੱਡਾ ਚੌਂਕੀ ਇੰਚਾਰਜ ਰਵਿੰਦਰ ਕੌਰ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜੀ, ਜਿੰਨਾਂ ਚੋਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਲੋਕਾਂ ਨੇ ਦੱਸਿਆ ਕਿ ਕੁਟਾਪੇ ਦੌਰਾਨ ਚੋਰ ਨੇ ਮੰਨਿਆ ਕਿ ਉਹ ਮੋਬਾਇਲ ਚੋਰੀ ਕਰਕੇ ਦੁਕਾਨਾਂ ’ਤੇ ਵੇਚਦਾ ਹੈ ਤੇ ਇਸ ਦੌਰਾਨ ਉਸੇ ਦੁਕਾਨ ’ਤੇ ਲਿਜਾ ਰਿਹਾ ਸੀ, ਜਿੱਥੇ ਉਹ ਮੋਬਾਇਲ ਵੇਚਿਆ ਕਰਦਾ ਸੀ, ਪਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਸਥਿਤੀ ਨੂੰ ਸੰਭਾਲ ਲਿਆ। ਪੁਲਸ ਨੇ ਲੋਕਾਂ ਦੇ ਬਿਆਨਾਂ ਤੋਂ ਬਾਅਦ ਚੋਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।