ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਐਮ. ਪੀ ਮਨੀਸ਼ ਤਿਵਾੜੀ। ਨਾਲ ਹਨ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਪੰਜਾਬ ਲਾਰਜ ਇਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਤੇ ਹੋਰ।
ਖੇਤਰੀ ਖੋਜ ਕੇਂਦਰ ਵਿਖੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਬਲਾਚੌਰ, 12 ਅਪ੍ਰੈਲ 2021: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਸਥਾਪਿਤ ਕੀਤੇ ਜਾ ਰਹੇ ਖੇਤੀਬਾੜੀ ਕਾਲਜ ਵਿਚ ਅਗਸਤ ਤੋਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਹ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਵਿਧਾਇਕ ਬਲਾਚੌਰ ਦਰਸ਼ਨ ਲਾਲ ਮੰਗੂਪੁਰ ਅਤੇ ਪੰਜਾਬ ਲਾਰਜ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਦੀ ਮੌਜੂਦਗੀ ਵਿਚ ਖੇਤਰੀ ਖੋਜ ਕੇਂਦਰ ਵਿਖੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਕੁਲ 34 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਕਾਲਜ ਦੇ ਨਿਰਮਾਣ ਲਈ 13.70 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਸ ਕਾਲਜ ਦੇ ਨਿਰਮਾਣ ਨਾਲ ਨਵਾਂਸ਼ਹਿਰ, ਰੂਪਨਗਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਕਿਉਂਕਿ ਇਹ ਕੇਂਦਰ ਲੁਧਿਆਣਾ, ਚੰਡੀਗੜ, ਜਲੰਧਰ ਅਤੇ ਹੁਸ਼ਿਆਰਪੁਰ ਨਾਲ ਚੰਗੀ ਤਰਾਂ ਜੁੜਿਆ ਹੋਇਆ ਹੈ। ਉਨਾਂ ਦੱਸਿਆ ਕਿ ਇਸ ਖੇਤੀਬਾੜੀ ਕਾਲਜ ਵਿਚ ਚਾਰ ਸਾਲ ਅਤੇ ਛੇ ਸਾਲ ਦੀ ਡਿਗਰੀ (ਬੀ. ਐਸ. ਸੀ ਅਤੇ ਐਮ. ਐਸ. ਸੀ) ਕਰਵਾਈ ਜਾਵੇਗੀ।
ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਇਸ ਮੌਕੇ ਕਿਹਾ ਕਿ ਇਹ ਕਾਲਜ ਕੰਢੀ ਇਲਾਕੇ ਦੇ ਵਿਕਾਸ ਲਈ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਇਸ ਖਿੱਤੇ ਦੇ ਨੌਜਵਾਨਾਂ ਲਈ ਵਰਦਾਨ ਬਣੇਗਾ। ਉਨਾਂ ਕਿਹਾ ਕਿ ਇਸ ਕਾਲਜ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ। ਚੌਧਰੀ ਮੰਗੂਪੁਰ ਨੇ ਉਨਾਂ ਦੇ ਹਲਕੇ ਨੂੰ ਦਿੱਤੇ ਗਏ ਇਸ ਬਿਹਤਰੀਨ ਤੋਹਫ਼ੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਐਮ. ਪੀ ਮਨੀਸ਼ ਤਿਵਾੜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਮਨਮੋਹਨ ਜੀਤ ਸਿੰਘ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਡੀ. ਐਸ. ਪੀ ਤਰਲੋਚਨ ਸਿੰਘ, ਪ੍ਰੇਮ ਚੰਦ ਭੀਮਾ, ਚੇਅਰਮੈਨ ਹਰਜੀਤ ਜਾਡਲੀ, ਸੰਦੀਪ ਭਾਟੀਆ, ਯੂਥ ਪ੍ਰਧਾਨ ਹੀਰਾ ਖੇਪੜ, ਰਜਿੰਦਰ ਸਿੰਘ ਸ਼ਿੰਦੀ, ਮਦਨ ਲਾਲ ਹਕਲਾ, ਵਿਜੈ ਰਾਣਾ, ਨਵੀਨ ਚੌਧਰੀ, ਦੇਸ ਰਾਜ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।