ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦੀ ਹਾਜ਼ਰੀ ’ਚ ਲੱਗੀ ਬੋਲੀ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ 2021-ਸਰਕਾਰ ਵੱਲੋਂ 10 ਅਪ੍ਰੈਲ ਤੋਂ ਮੰਡੀਆਂ ’ਚ ਕਣਕ ਦੀ ਸਰਕਾਰੀ ਖ਼ਰੀਦ ਦੇ ਐਲਾਨ ਤੋਂ ਬਾਅਦ ਭਾਵੇਂ ਸਥਾਨਕ ਅਨਾਜ ਮੰਡੀ ’ਚ ਕਣਕ ਦੀ ਖ਼ਰੀਦ ਨਹੀਂ ਹੋਈ ਸੀ, ਪਰ ਅੱਜ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਦੀ ਅਗਵਾਈ ਹੇਠ ਮੰਡੀ ਅੰਦਰ ਕਣਕ ਦੀ ਖ਼ਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਮੰਡੀ ਅੰਦਰ ਪੁੱਜੀ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ, ਡੀਐਫਐਸਸੀ ਵੰਦਨਾ ਕੁਮਾਰੀ ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਕਰਨਬੀਰ ਸਿੰਘ ਬਰਾੜ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਾਈ। ਇਸ ਮੌਕੇ ਪਹਿਲੀ ਬੋਲੀ ਹਰੀ ਸਿੰਘ ਮੋਹਨ ਸਿੰਘ ਆੜ੍ਹਤ ਵੱਲੋਂ 1975 ਰੁਪਏ ਦੇ ਹਿਸਾਬ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਗੁਰਬਖ਼ਸ ਸਿੰਘ ਰੂਬੀ ਦੀ ਕਣਕ ਦੀ ਢੇਰੀ ਦੀ ਬੋਲੀ ਲਗਾਈ ਗਈ, ਜਦੋਂਕਿ ਦੂਜੀ ਬੋਲੀ ਕੌਰ ਸਿੰਘ ਐਂਡ ਸੰਨਜ ਵੱਲੋਂ ਕਿਸਾਨ ਕੇਵਲ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਢੇਰੀ ਦੀ ਬੋਲੀ ਲਗਾਈ ਗਈ। ਇਸ ਮੌਕੇ ਪਨਗ੍ਰੇਨ ਇੰਸਪੈਕਟਰ ਕੁਲਦੀਪ ਸਿੰਘ, ਮੰਡੀ ਸੁਪਰਵਾਈਜ਼ਰ ਕਲਗਾ ਸਿੰਘ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਦੇ ਮੁਲਾਜ਼ਮ ਹਾਜ਼ਰ ਸਨ।