ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2021: ਕਾਰਪੋਰੇਟਾਂ ਦੀ ਕੱਠਪੁਤਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਦਿਲੀ ਦੀਆਂ ਬਰੂਹਾਂ ਤੇ ਇਤਿਹਾਸਿਕ ਮੁਕਾਮ ਤੇ ਪਹੁੰਚੇ ਕਿਸਾਨੀ ਮੋਰਚੇ ਨੂੰ ਰੁਝੇਵੇਂ ਭਰਪੂਰ ਹਾੜੀ ਸੀਜ਼ਨ ਵਿੱਚ ਮਜਬੂਤੀ ਲਈ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਡੱਟਵੀ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ। ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਿਲ੍ਹਾ ਪ੍ਰਧਾਨ ਅਤਿੰਦਰ ਘੱਗਾ ਨੇ ਸਿੰਘੁ ਸਟੇਜ ਤੋਂ ਸੰਬੋਧਨ ਹੁੰਦੇ ਹੋਏ ਕਿਹਾ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਕੋਲ ਦੇਸ਼ ਵੇਚਣ ਨੂੰ ਆਪਣਾ ਏਜੰਡਾ ਬਣਾ ਕੇ ਸਰਕਾਰੀ ਮਹਿਕਮਿਆਂ- ਕਾਰਪੋਰੇਸ਼ਨ ਨੂੰ ਖਤਮ ਕਰਦੇ ਹੋਏ ਦੇਸ਼ ਸੇਲ ਤੇ ਲਗਾ ਦਿੱਤਾ ਹੈ। ਜਿਸ ਤਹਿਤ ਕਾਰਪੋਰੇਟ ਪੱਖੀ ਨੀਤੀਆਂ ਤਹਿਤ ਤਿੰਨ ਖੇਤੀ ਕਾਨੂੰਨ ਲਿਆਉਣ ਦੇ ਨਾਲ ਨਾਲ ਜਨਤਕ ਅਦਾਰਿਆਂ ਅਤੇ ਸਨਅਤਾਂ, ਜਿਸ ਵਿੱਚ ਰੇਲਵੇ, ਹਵਾਈ ਅੱਡੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸੜਕਾਂ ਤੇ ਸ਼ਾਹਰਾਹਾਂ ਸ਼ਾਮਿਲ ਹਨ, ਦਾ ਨਿੱਜੀਕਰਨ ਤੇਜ਼ ਕਰਨ ਤਹਿਤ ਅਗਲੇ ਵਿੱਤੀ ਸਾਲ ਵਿਚ 25 ਲੱਖ ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਟੈਲੀਫੋਨ ਕੰਪਨੀਆਂ ਬੀਐੱਸਐੱਨਐੱਲ, ਐੱਮਟੀਐੱਨਐੱਲ ਦੇ ਟਾਵਰ ਅਤੇ ਹੋਰ ਜਾਇਦਾਦਾਂ ਵੇਚ ਜਾਂ ਲੀਜ਼ ਤੇ ਦੇ ਕੇ 40,000 ਕਰੋੜ ਰੁਪਏ ਕਮਾਏ ਜਾਣਗੇ,ਖੇਡਾਂ ਲਈ ਬਣੇ ਕਈ ਸਟੇਡੀਅਮ ਨਿੱਜੀ ਖੇਤਰ ਨੂੰ ਦਿੱਤੇ ਜਾਣਗੇ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ 13 ਹਵਾਈ ਅੱਡਿਆਂ ਵਿਚ ਆਪਣੀ ਹਿੱਸੇਦਾਰੀ ਨਿੱਜੀ ਖੇਤਰ ਦੇ ਹਵਾਲੇ ਕੀਤੀ ਜਾਵੇਗੀ,7,000 ਕਿਲੋਮੀਟਰ ਤੋਂ ਜ਼ਿਆਦਾ ਸੜਕ ਨਿੱਜੀ ਖੇਤਰ ਨੂੰ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਨਤਕ ਖੇਤਰ ਦੇ ਦੋ ਬੈਂਕਾਂ ਅਤੇ ਇਕ ਬੀਮਾ ਕੰਪਨੀ ਵੀ ਨਿੱਜੀ ਖੇਤਰ ਦੇ ਹਵਾਲੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਇੱਕ ਨਲਾਇਕ ਪੁੱਤਰ ਵਾਂਗ ਵੱਡੇ ਵਡੇਰਿਆਂ ਦੁਆਰਾ ਖੱਟੀ ਕਮਾਈ ਨੂੰ ਵੇਚਣ ਨੂੰ ਮੋਦੀ ਵੱਲੋਂ ਦੇਸ਼ ਆਤਮਨਿਰਭਰ ਦਾ ਨਾਂ ਦੇ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਕਿਸਾਨ ਨੇ ਹਿੰਮਤ ਭਰੀ ਪਹਿਲ ਕਰਕੇ ਪੂਰੇ ਭਾਰਤ ਸਮੇਤ ਵਿਸ਼ਵ ਭਰ ਚ ਮੋਦੀ ਦੇ ਦੋਗਲਾਪਨ ਨੂੰ ਨੰਗਾ ਕਰਕੇ ਦੱਬੇ ਕੁਚਲੇ ਵਰਗ ਲਈ ਆਸ ਦੀ ਕਿਰਨ ਪੈਦਾ ਕੀਤੀ ਹੈ।
ਅਧਿਆਪਕ ਆਗੂਆਂ ਹਰਦੀਪ ਟੋਡਰਪੁਰ ਅਤੇ ਕੁਲਦੀਪ ਗੋਬਿੰਦਪੁਰ ਨੇ ਕਿਹਾ ਕਿ ਵਿਸਾਖੀ ਵਾਲੇ ਇਤਿਹਾਸਿਕ ਦਿਵਸ ਤੇ ਪਟਿਆਲਾ,ਸੰਗਰੂਰ ਅਤੇ ਬਰਨਾਲਾ ਜਿਲ੍ਹੇ ਦੇ ਸੈਂਕੜੇ ਅਧਿਆਪਕਾਂ ਵਲੋਂ ਸਿੰਘੁ ਮੋਰਚੇ ਦੀ ਸਟੇਜ ਤੱਕ ਨਿਜੀਕਰਨ ਦੇ ਵਿਰੋਧ ਅਤੇ ਕਿਸਾਨ ਮੋਰਚੇ ਦੀ ਹਮਾਇਤ,ਵਿੱਚ ਪੈਦਲ ਮੁਲਾਜਮ ਮਾਰਚ ਕੀਤਾ ਜਾਵੇਗਾ ਅਤੇ ਪੂਰੇ ਹਾੜੀ ਸੀਜ਼ਨ ਦੌਰਾਨ ਮੁਜ਼ਾਲਮ ਜੱਥੇ ਇਸੇ ਤਰ੍ਹਾਂ ਦਿਲੀ ਹਾਜ਼ਰੀ ਲਵਾ ਕੇ ਮੋਰਚੇ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਰਹਿਣਗੇ।ਇਸ ਮੌਕੇ ਜਿਲ੍ਹਾ ਆਗੂ ਹਰਵਿੰਦਰ ਰੱਖੜਾ, ਰਾਜਿੰਦਰ ਸਮਾਣਾ, ਰਾਮ ਸ਼ਰਨ, ਹਰਿੰਦਰ ਸਿੰਘ, ਸਤਪਾਲ ਸਮਾਣਵੀ, ਗਗਨ ਰਾਣੂ, ਹਰਵਿੰਦਰ ਬੇਲੂਮਾਜਰਾ, ਜਸਪਾਲ ਚੌਧਰੀ, ਜਗਤਾਰ ਸਿੰਘ ਸਫ਼ੀਪੁਰ, ਜਗਪਾਲ ਚਹਿਲ, ਗੁਰਵਿੰਦਰ ਖੱਟੜਾ, ਗੁਰਵੀਰ ਟੋਡਰਪੁਰ, ਚਿਤਵੰਤ ਸਿੰਘ, ਅਮਨਦੀਪ ਕੋੜਾ, ਬਲਰਾਜ ਸਿੰਘ ਗਿੱਲ ਅਤੇ ਵਿਕਰਮ ਖਾਂਗ ਆਦਿ ਮੌਜੂਦ ਰਹੇ।