ਅਸ਼ੋਕ ਵਰਮਾ
ਨਵੀਂ ਦਿੱਲੀ, 12 ਅਪਰੈਲ 2021: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਗ਼ਦਰੀ ਗੁਲਾਬ ਕੌਰ ਸਟੇਜ ਤੋਂ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਆਪਣੇ ਬਾਰੇ ਕੀ ਕਹਿਦੀ ਹੈ,ਕੀ ਸੋਚਦੀ ਹੈ।ਇਸ ਵੱਲ ਕੋਈ ਧਿਆਨ ਦੇਣ ਦੀ ਲੋੜ ਨਹੀਂ, ਲੋੜ ਹੈ ਆਪਣਾ ਇਤਿਹਾਸ ਯਾਦ ਕਰਨ ਦੀ। ਇਹ ਚਾਹੇ ਮੁਗ਼ਲ ਰਾਜ ਦਾ ਹੋਵੇ, ਚਾਹੇ ਅੰਗਰੇਜ਼ ਸਾਮਰਾਜ ਦਾ ਹੋਵੇ, ਚਾਹੇ ਪੈਪਸੂ ਦੀ ਮੁਜਾਰਾ ਲਹਿਰ ਹੋਵੇ, ਜਿਸ ਦੀ ਅਗਵਾਈ ਲਾਲ ਪਾਰਟੀ ਨੇ ਕੀਤੀ ਜਿਸ ਦੀ ਪਹਿਲੀ ਕਾਨਫਰੰਸ ਉਗਰਾਹਾਂ ਪਿੰਡ ਵਿੱਚ ਹੋਈ ਸੀ ਤੇ ਦਫ਼ਾ 144 ਵੀ ਪਹਿਲੀ ਵਾਰ ਸਾਡੇ ਉਗਰਾਹਾਂ ਪਿੰਡ 'ਚ ਲੱਗੀ।
ਉਹਨਾਂ ਕਿਹਾ ਕਿ ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹਾਦਤ ਸਾਡੀ ਪ੍ਰੇਰਨਾ ਹੈ।ਅਸੀਂ ਤਾਂ ਇਹ ਸੋਚਣਾ ਕਿ ਕਣਕ ਦੀ ਵਾਢੀ ਹੋਗੀ, ਝੋਨਾ ਲਾ ਦੇਣਾ, ਰੱਖੜੀ ਆ ਗਈ ਅਤੇ ਦੁਸਿਹਰਾ ਆਉਣ ਵਾਲਾ ਹੈ। ਉਹਨਾਂ ਕਿਹਾ ਕਿ ਸਰਕਾਰ ਨੋਇਡਾ ਦੀ ਤਰਜ 'ਤੇ ਪੰਜਾਬ ਦੇ ਕਿਸਾਨਾਂ ਨੂੰ ਉਜਾੜਨਾ ਚਾਹੁੰਦੀ ਹੈ ਜਿਵੇਂ ਦਲਿਤ ਆਗੂ ਮਾਇਆਵਤੀ ਨੂੰ 1500 ਏਕੜ ਦਾ ਟਕ ਦੇ ਕੇ ਨੋਇਡਾ ਦੀ ਵਾਹੀਯੋਗ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤੀ ਪਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਪੰਜਾਬ ਹੈ ਜੋ ਕਿਸਾਨਾਂ ਦਾ ਉਜਾੜਾ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕਰੇਗਾ ਅਖ਼ੀਰ ਤੱਕ ਲੜਾਗੇ,ਅੜਾਗੇ ਜਿੱਤਾਂਗੇ
ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਜ਼ਮੀਨਾਂ ਦੀ ਜੰਗ ਲੜਨੀ ਆਪਣੀ ਜਥੇਬੰਦੀ ਨੂੰ ਬਹੁਤ ਚੰਗੀ ਤਰਾਂ ਆਉਂਦੀ ਹੈ।ਪਲਸ ਮੰਚ ਵਲੋਂ ਕਸਤੂਰੀ ਲਾਲ ਜੀ ਨੇ ਕਿਹਾ ਕਿ ਇਹ ਅੰਦੋਲਨ ਇੱਕ ਅੰਦੋਲਨ ਨਾ ਹੋ ਕੇ ਦੁਨੀਆ ਦੇ ਇਨਸਾਫ਼ ਪਸੰਦ ਲੋਕਾਂ ਲਈ ਰਾਹ ਦਸੇਰਾ ਅਤੇ ਜਮਾਤੀ ਨਿਖੇੜਾ ਕਰਨ ਵਾਲਾ ਅੰਦੋਲਨ ਹੋ ਨਿਬੜਿਆ।ਉਨ੍ਹਾਂ ਪਿੰਡਾਂ ਨੂੰ ਸਕੂਲ, ਟੋਲ ਪਲਾਜਿਆ,ਮਾਲਾ ਨੂੰ ਕਾਲਜ ਅਤੇ ਦਿੱਲੀ ਮੋਰਚਿਆਂ ਨੂੰ ਕਿਸਾਨੀ ਅੰਦੋਲਨ ਦੀਆ ਯੂਨੀਵਰਸਿਟੀਆ ਦੇ ਸਮਾਨ ਕਿਹਾ।
ਬਸੰਤ ਸਿੰਘ ਕੋਠਾਗੁਰੂ ਅਤੇ ਮਾਸਟਰ ਗੁਰਚਰਨ ਸਿੰਘ ਖੋਖਰ ਨੇ ਗੁਰਦੀਪ ਸਿੰਘ ਮੁੰਡੀ ਸਿਧਾਣਾ ਦੀ ਦਿੱਲੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੀ ਘਟਨਾਂ ਨੂੰ ਅਤ ਦਰਜੇ ਦੀ ਮਾੜੀ ਘਟਨਾ ਗਰਦਾਨਿਆ ਇਸ ਵਿੱਚ ਸ਼ਾਮਲ ਪੁਲਿਸ ਕਰਮਚਾਰੀਆ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ।ਅੱਜ ਦੀ ਸਟੇਜ ਤੋਂ ਜਸਵੀਰ ਕੌਰ (ਸੰਗਰੂਰ), ਬਲਜੀਤ ਕੌਰ ਕੱਕੜਵਾਲ (ਸੰਗਰੂਰ), ਗੁਰਦੇਵ ਸਿੰਘ ਗੱਜੂਮਾਜਰਾ (ਪਟਿਆਲਾ) ਅਤੇ ਜਸਵਿੰਦਰ ਕੌਰ ਚੱਠੇ (ਸੰਗਰੂਰ) ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਸਤਪਾਲ ਸਿੰਘ ਫਾਜ਼ਿਲਕਾ ਨੇ ਬਾਖੂਬੀ ਨਿਭਾਈ।