ਸਫਾਈ, ਪੀਣ ਵਾਲੇ ਪਾਣੀ, ਸੈਨੇਟਾਈਜ਼ਰ ਪ੍ਰਬੰਧਾਂ ਦੀ ਨਾਕਾਫ਼ੀ
ਅਵਾਰਾ ਪਸ਼ੂਆਂ ਦੀ ਭਰਮਾਰ ਨਾਲ ਚਿੰਤਤ ਹਨ ਕਿਸਾਨ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ 2021-ਦਿੱਲੀ ਕਿਸਾਨ ਅੰਦੋਲਨ, ਪਿਛਲੇ ਦਿਨੀਂ ਹੋਈ ਬਾਰਿਸ਼ ਤੇ ਆੜ੍ਹਤੀਆਂ ਦੀ ਹੜਤਾਲ ਦੇ ਚੱਲਦਿਆਂ ਇਸ ਵਾਰ ਮੰਡੀਆਂ ’ਚ ਕਣਕ ਦੀ ਖ਼ਰੀਦ ਜਰ੍ਹਾ ਦੇਰੀ ਨਾਲ ਸ਼ੁਰੂ ਹੋਈ ਹੈ। ਭਾਵੇਂ ਮੰਡੀਆਂ ’ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ, ਪਰ ਸਥਾਨਕ ਅਨਾਜ ਮੰਡੀ ’ਚ ਸਹੂਲਤਾਂ ਦੀ ਘਾਟ ਅਜੇ ਵੀ ਕਾਇਮ ਹੈ। ਜੀ ਹਾਂ..ਮੰਡੀ ’ਚ ਨਾ ਤਾਂ ਪੂਰੀ ਸਾਫ਼ ਸਫਾਈ ਹੈ, ਨਾ ਹੀ ਲੋਕਾਂ ਦੇ ਲਈ ਪੀਣ ਦਾ ਸਾਫ਼ ਪਾਣੀ ਹੈ ਤੇ ਨਾ ਹੀ ਕੋਰੋਨਾ ਤੋਂ ਬਚਾਅ ਲਈ ਸੈਨੇਟਾਈਜ਼ ਦਾ ਕੋਈ ਪ੍ਰਬੰਧ ਹੈ। ਹਾਲਾਂਕਿ ਕੋਵਿਡ-19 ਦੇ ਚੱਲਦਿਆਂ ਸੈਨੇਟਾਈਜ਼ ਵਾਲੀਆਂ ਟੈਂਕੀਆਂ ਤੇ ਉਨ੍ਹਾਂ ’ਚ ਲੱਗੀਆਂ ਮਸ਼ੀਨਾਂ ਤਾਂ ਪਈਆਂ ਹਨ, ਪਰ ਉਹ ਵੀ ਖ਼ਰਾਬ ਹੀ ਹਨ। ਉਪਰੋਂ ਅਵਾਰਾ ਪਸ਼ੂ ਕਿਸਾਨਾਂ ਲਈ ਸਭ ਤੋਂ ਵੱਡਾ ਸਿਰਦਰਦ ਬਣੇ ਹੋਏ ਹਨ। ਇਹੀ ਨਹੀਂ, ਇਕ ਵੱਖ ਤੋਂ ਸਮੱਸਿਆ ਇਹ ਹੈ ਕਿ ਮੰਡੀ ’ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਅਨੇਕਾਂ ਟਰੱਕ ਵੀ ਖੜ੍ਹੇ ਹਨ, ਜੋ ਜਗ੍ਹਾ ਘੇਰ ਰਹੇ ਹਨ। ਮੰਡੀ ’ਚ ਆਏ ਕਿਸਾਨਾਂ ਨੂੰ ਜਿੱਥੇ ਆਪਣੀ ਫ਼ਸਲ ਦੀ ਚਿੰਤਾ ਹੈ, ਉਥੇ ਹੀ ਅਵਾਰਾ ਪਸ਼ੂ ਕਿਸਾਨਾਂ ਦੇ ਲਈ ਸਭ ਤੋਂ ਵੱਡਾ ਖ਼ਤਰਾ ਵੀ ਬਣੇ ਹੋਏ ਹਨ। ਅਨਾਜ ਮੰਡੀ ’ਚ ਆਏ ਪਿੰਡ ਸੰਗੂਧੌਣ ਦੇ ਕਿਸਾਨ ਰੇਸ਼ਮ ਸਿੰਘ ਨੇ ਕਿਹਾ ਕਿ ਉਹ ਦੋ ਦਿਨ ਪਹਿਲਾਂ ਮੰਡੀ ’ਚ ਕਣਕ ਦੀ ਢੇਰੀ ਲੈ ਕੇ ਆਏ ਸਨ, ਪਰ ਨਾ ਤਾਂ ਕੋਈ ਸਫਾਈ ਦਾ ਪ੍ਰਬੰਧ ਹੈ ਤੇ ਨਾ ਹੀ ਪੀਣ ਵਾਲੇ ਪਾਣੀ ਦਾ। ਸਭ ਤੋਂ ਵੱਡੀ ਸਮੱਸਿਆ ਤਾਂ ਅਵਾਰਾ ਪਸ਼ੂ ਹਨ, ਜੋ ਫਸਲ ’ਤੇ ਮੂੰਹ ਮਾਰ ਰਹੇ ਹਨ। ਕਿਸਾਨ ਨੇ ਦੱਸਿਆ ਕਿ ਉਹ ਪਿਛਲੀ ਰਾਤ ਜਾਗਦਾ ਰਿਹਾ, ਕਿਉਂਕਿ ਅਵਾਰਾ ਪਸ਼ੂਆਂ ਤੋਂ ਫ਼ਸਲ ਨੂੰ ਬਚਾਉਣਾ ਜ਼ਰੂਰੀ ਸੀ। ਇਸ ਤੋਂ ਇਲਾਵਾ ਮੰਡੀ ’ਚ ਸ਼ੈਡਾਂ ਦੇ ਹੇਠਾਂ ਸਫਾਈ ਨਾ ਹੋਣ ਕਰਕੇ ਆਪਣੀ ਫ਼ਸਲ ਧੁੱਪ ’ਚ ਖੁ੍ਹੱਲ੍ਹੇ ਅਸਮਾਨ ਹੇਠਾਂ ਢੇਰੀ ਕਰਨੀ ਪੈ ਰਹੀ ਹੈ।
ਕੀ ਕਹਿਣੈ ਮਾਰਕਿਟ ਕਮੇਟੀ ਸਕੱਤਰ ਦਾ
ਜਦੋਂ ਇਸ ਸਬੰਧੀ ਮਾਰਕਿਟ ਕਮੇਟੀ ਦੇ ਸਕੱਤਰ ਬਲਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਮੰਡੀ ’ਚ ਸਹੂਲਤਾਂ ਦੀ ਘਾਟ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਮੰਡੀ ’ਚ ਸਾਫ਼ ਸਫ਼ਾਈ ਕਰਾਈ ਜਾ ਰਹੀ ਹੈ। ਸੈਨੇਟਾਈਜ਼ਰ ਵਾਲੀ ਟੈਂਕੀ, ਜੋ ਖ਼ਰਾਬ ਸੀ, ਨੂੰ ਠੀਕ ਕਰਵਾ ਦਿੱਤਾ ਗਿਆ ਹੈ।