ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 13 ਅਪ੍ਰੈਲ 2021 - ਅਮਰੀਕਾ ਵਿੱਚ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਗਿਰਾਵਟ ਨਹੀਂ ਆ ਰਹੀ ਹੈ। ਇਸ ਸੰਬੰਧੀ ਪੁਲਿਸ ਦੇ ਅਨੁਸਾਰ 24 ਘੰਟਿਆਂ ਦੇ ਸਮੇਂ ਵਿੱਚ 11 ਲੋਕਾਂ ਨੂੰ ਗੋਲੀਆਂ ਮਾਰੀਆਂ ਜਾਣ ਤੋਂ ਬਾਅਦ ਫਿਲਾਡੇਲਫਿਆ ਵਿੱਚ ਬੰਦੂਕਾਂ ਦੀ ਹਿੰਸਾ ਹਫਤੇ ਦੇ ਅੰਤ ਵਿੱਚ ਜਾਰੀ ਰਹੀ ਹੈ। ਇਸ ਗੋਲੀਬਾਰੀ ਦੇ ਨਤੀਜੇ ਵਜੋਂ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ ਅਤੇ ਜ਼ਖਮੀ ਹੋਏ ਲੋਕਾਂ ਵਿੱਚ ਇੱਕ 10 ਸਾਲਾਂ ਦਾ ਬੱਚਾ ਵੀ ਸ਼ਾਮਿਲ ਹੈ। ਅਧਿਕਾਰੀਆਂ ਅਨੁਸਾਰ ਪੀੜਤਾਂ ਵਿਚ ਇੱਕ 34 ਸਾਲਾ ਵਿਅਕਤੀ ਵੀ ਸੀ ਜਿਸ ਨੂੰ ਸਿਰ ਦੇ ਪਿਛਲੇ ਹਿੱਸੇ ਵਿਚ ਤਿੰਨ ਵਾਰ ਗੋਲੀ ਮਾਰ ਦਿੱਤੀ ਗਈ ਸੀ।
ਇਸਦੇ ਇਲਾਵਾ ਪਿਛਲੇ ਸੋਮਵਾਰ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਸਨ। ਐਸੋਸੀਏਟਡ ਪ੍ਰੈਸ ਅਨੁਸਾਰ 29 ਮਾਰਚ ਨੂੰ ਬੰਦੂਕ ਦੀ ਹਿੰਸਾ ਬਾਰੇ ਇੱਕ ਵੀਡੀਓ 'ਤੇ ਕੰਮ ਕਰ ਰਹੇ ਇੱਕ ਵਿਅਕਤੀ ਨੂੰ ਜਾਨ ਤੋਂ ਮਾਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਸ਼ਹਿਰ ਦੇ ਸਟ੍ਰਾਬੇਰੀ ਮੈਨਸਨ ਦੇ ਗੁਆਂਢ ਵਿੱਚ ਇੱਕ ਨਿੱੱਜੀ ਰਿਹਾਇਸ਼ 'ਤੇ ਬੰਦੂਕ ਦੀ ਹਿੰਸਾ ਦੇ ਪੀੜਤ ਪਰਿਵਾਰਕ ਮੈਂਬਰਾਂ ਦੀ ਇੰਟਰਵਿਊ ਅਤੇ ਫਿਲਮਾਂਕਣ ਕਰ ਰਿਹਾ ਸੀ, ਜਦੋਂ ਉਸਦੀ ਵੈਨ ਵਿਚੋਂ ਹੋਰ ਸਾਮਾਨ ਕੱਢਣ ਦੌਰਾਨ ਉਸ ਨੂੰ ਕਈ ਵਾਰ ਗੋਲੀ ਮਾਰ ਦਿੱਤੀ ਗਈ ਅਤੇ 27 ਮਾਰਚ ਨੂੰ ਗੋਲਫ ਐਂਡ ਸੋਸ਼ਲ ਕਲੱਬ ਦੇ ਸਪੋਰਟਸ ਬਾਰ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਸੱਤ ਲੋਕ ਜ਼ਖਮੀ ਹੋ ਗਏ ਸਨ।ਕਾਰਜਕਾਰੀ ਅਟਾਰਨੀ ਜੈਨੀਫਰ ਆਰਬੀਟੀਅਰ ਵਿਲੀਅਮਜ਼ ਨੇ ਜਾਣਕਾਰੀ ਦਿੱਤੀ ਕਿ 2020 ਵਿੱਚ, ਫਿਲਾਡੇਲਫੀਆ ਵਿੱਚ ਬੰਦੂਕ ਦੀ ਹਿੰਸਾ ਦੇ ਨਤੀਜੇ ਵਜੋਂ 499 ਲੋਕ ਮਾਰੇ ਗਏ ਸਨ ਜੋ ਕਿ 2019 ਤੋਂ 40% ਵੱਧ ਹੈ। ਵਿਲੀਅਮਜ਼ ਅਨੁਸਾਰ ਇਹ ਸ਼ਹਿਰ 2021 ਵਿੱਚ 600 ਗੋਲੀਬਾਰੀ ਦੀਆਂ ਮੌਤਾਂ ਨੂੰ ਪਾਰ ਕਰਨ ਦੀ ਗਤੀ 'ਤੇ ਹੈ।