ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੇ ਜਨਮ-ਦਿਨ ਦੀ ਮੁਬਾਰਕਬਾਦ
ਚੰਡੀਗੜ੍ਹ, 13 ਅਪ੍ਰੈਲ 2021: ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਮੌਕੇ ਸਮੂਹ ਸੰਗਤ ਨੂੰ ਮੁਬਾਰਕਬਾਦ ਦਿੱਤੀ ਹੈ । ਢੀਂਡਸਾ ਨੇ ਕਿਹਾ ਕਿ ਡਾ.ਭੀਮ ਰਾਓ ਅੰਬੇਦਕਰ ਜੀ ਦੀ ਦੇਸ਼ ਅਤੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਨੇ ਭਾਰਤ ਦੇ ਸਮੁੱਚੇ ਢਾਂਚੇ ਨੂੰ ਸੰਵਿਧਾਨ ਦੇ ਰੂਪ ਵਿੱਚ ਇੱਕ ਲੜੀ ਵਿੱਚ ਪਰੋਣ ਦਾ ਯਤਨ ਕੀਤਾ ਹੈ। ਗ਼ਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ ਅੰਬੇਦਕਰ ਨੇ ਪਛੜੇ ਵਰਗਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਨੇ ਦੱਬੇ -ਕੁਚਲੇ ਵਰਗਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਦਲਿਤ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਧ ਤੋਂ ਵੱਧ ਉਪਰਾਲਿਆਂ ਦੀ ਲੋੜ ਤੇ ਜ਼ੋਰ ਦਿੱਤਾ ।
ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੱਬੇ-ਕੁਚਲੇ ਵਰਗਾਂ ਦੇ ਮਸੀਹਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਦੇਸ਼ ਪ੍ਰਤੀ ਘਾਲਣਾ ਨੂੰ ਯਾਦ ਕਰਦੇ ਹੋਏ ਅਦਬ ਨਾਲ ਪ੍ਰਣਾਮ ਕਰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਵਿੱਚ ਦੱਬੇ -ਕੁਚਲੇ ਵਰਗਾਂ ਨਾਲ ਜੋ ਬੇਇਨਸਾਫ਼ੀ ,ਜਬਰ ਅਤੇ ਜ਼ੁਲਮ ਹੋ ਰਿਹਾ ਹੈ, ਉਸ ਦੇ ਖ਼ਿਲਾਫ਼ ਵੀ ਲੜਨ ਵਾਸਤੇ ਡਾ ਅੰਬੇਦਕਰ ਦੀ ਵਿਚਾਰਧਾਰਾ ਤੇ ਜ਼ੋਰ ਦੇਣ ਦੀ ਲੋੜ ਹੈ।