ਠੇਕੇਦਾਰ 'ਤੇ ਟਰੈਫਿਕ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਕੇਸ ਦਰਜ
ਰਾਜਿੰਦਰਕੁਮਾਰ
ਨਵਾਂਸ਼ਹਿਰ 13 ਅਪ੍ਰੈਲ,2021: ਥਾਣਾ ਸਦਰ ਬੰਗਾ ਪੁਲਿਸ ਨੇ ਨੈਸ਼ਨਲ ਹਾਈਵੇ ਇਨਫਰਾਸਟਰੱਕਚਰ ਲਿਮਿਟਿਡ ਕੰਪਨੀ ਦੇ ਠੇਕੇਦਾਰ ਖਿਲਾਫ ਟਰੈਫਿਕ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਮੁਹੱਲਾ ਹੀਰਾ ਜੱਟਾਂ ਦੇ ਵਸਨੀਕ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਸਕੂਟੀ 'ਤੇ ਨਵਾਂਸ਼ਹਿਰ ਤੋਂ ਫਗਵਾੜਾ ਜਾ ਰਿਹਾ ਸੀ। ਨਾਲ ਹੀ ਉਸ ਦਾ ਭਤੀਜਾ ਧਰਮਵੀਰ ਵੀ ਆਪਣੀ ਮੋਟਰ ਸਾਈਕਲ 'ਤੇ ਅੱਗੇ ਜਾ ਰਿਹਾ ਸੀ। ਹਾਈਵੇ ਦੇ ਸੱਜੇ ਪਾਸੇ ਦੀ ਸੜਕ ਨੂੰ ਕੰਪਨੀ ਦੇ ਠੇਕੇਦਾਰ ਨੇ ਪੁਟਿਆ ਹੋਇਆ ਸੀ ਅਤੇ ਕਾਫ਼ੀ ਬੱਜਰੀ ਸੜਕ ਤੇ ਖਿਲਰੀ ਹੋਈ ਸੀ, ਜਿਸ ਨਾਲ ਉਸਦੇ ਭਤੀਜੇ ਦੀ ਮੋਟਰਸਾਈਕਲ ਸਲਿੱਪ ਹੋ ਡਿੱਗ ਗਿਆ, ਜਿਸ ਕਾਰਨ ਉਸਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ। ਭੁਪਿੰਦਰ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਕੰਪਨੀ ਦੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।