ਟੈਨੇਸੀ ਦੇ ਹਾਈ ਸਕੂਲ ਵਿੱਚ ਗੋਲੀਬਾਰੀ ਦੌਰਾਨ 1 ਵਿਦਿਆਰਥੀ ਦੀ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 13 ਅਪ੍ਰੈਲ 2021: ਪੂਰਬੀ ਟੈਨੇਸੀ ਦੇ ਨਾਕਸਵਿਲੇ ਵਿੱਚ ਹਾਈ ਸਕੂਲ ਵਿਖੇ ਸੋਮਵਾਰ ਨੂੰ ਹੋਈ ਗੋਲੀਬਾਰੀ ਦੌਰਾਨ ਇੱਕ ਵਿਦਿਆਰਥੀ ਦੀ ਮੌਤ ਹੋ ਜਾਣ ਦੇ ਨਾਲ ਇੱਕ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਇਆ ਹੈ। ਇਸ ਸੰਬੰਧੀ ਪੁਲਿਸ ਨੂੰ ਅਸਟਿਨ ਈਸਟ ਮੈਗਨੈਟ ਹਾਈ ਸਕੂਲ ਵਿਖੇ ਇੱਕ ਵਿਦਿਆਰਥੀ ਕੋਲ ਹਥਿਆਰ ਹੋਣ ਦੀ ਸੂਚਨਾ ਪ੍ਰਾਪਤ ਹੋਈ। ਇਸ ਉਪਰੰਤ ਕਾਰਵਾਈ ਕਰਦਿਆਂ ਪੁਲਿਸ ਨੂੰ ਬਾਥਰੂਮ ਵਿੱਚ ਇੱਕ ਹਥਿਆਰਬੰਦ ਵਿਦਿਆਰਥੀ ਮਿਲਿਆ। ਜਦੋਂ ਅਧਿਕਾਰੀ ਬਾਥਰੂਮ ਵਿੱਚ ਦਾਖਲ ਹੋਏ ਤਾਂ ਵਿਦਿਆਰਥੀ ਨੇ ਉਨ੍ਹਾਂ 'ਤੇ ਫਾਇਰ ਕੀਤੇ,ਜਿਸ ਦੌਰਾਨ ਇੱਕ ਗੋਲੀ ਇੱਕ ਅਧਿਕਾਰੀ ਨੂੰ ਲੱਗੀ।
ਇਸ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਮਾਰੀ ਗਈ ਗੋਲੀ ਵਿੱਚ ਉਹ ਵਿਦਿਆਰਥੀ ਮਾਰਿਆ ਗਿਆ। ਨਾਕਸਵਿਲੇ ਦੇ ਪੁਲਿਸ ਮੁਖੀ ਈਵ ਥੌਮਸ ਨੇ ਕਿਹਾ ਕਿ ਜਿਸ ਅਧਿਕਾਰੀ ਨੂੰ ਗੋਲੀ ਲੱਗੀ ਸੀ ਉਸਦੀ ਹਾਲਤ ਗੰਭੀਰ ਹੈ ਅਤੇ ਇਹ ਸਮਾਜ ,ਪੁਲਿਸ ਵਿਭਾਗ ਤੇ ਨਾਕਸਵਿਲੇ ਲਈ, ਇੱਕ ਦੁਖਦਾਈ ਦਿਨ ਹੈ।ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸੋਮਵਾਰ ਰਾਤ ਨੂੰ ਪ੍ਰੈਸ ਕਾਨਫਰੰਸ ਵਿੱਚ ਇਸ ਸੰਬੰਧੀ ਵਧੇਰੇ ਜਾਣਕਾਰੀ ਜਾਰੀ ਕੀਤੀ, ਜਿਸ ਵਿੱਚ ਦੱਸਿਆ ਕਿ ਵਿਦਿਆਰਥੀ ਨੂੰ ਘਟਨਾ ਵਾਲੀ ਥਾਂ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ।