ਜਗਦੀਸ਼ ਥਿੰਦ
ਜਲਾਲਾਬਾਦ 17 ਅਪ੍ਰੈਲ , ਤਿੰਨ ਮਹੀਨੇ ਦੀ ਬਾਲੜੀ ਨੂੰ ਜਮੀਨ ਵਿੱਚ ਦੱਬਣ ਵਾਲੀ ਕਥਿਤ ਹਤਿਆਰੀ ਚਾਚੀ ਨੇ ਅਦਾਲਤ ਸਾਹਮਣੇ ਕਬੂਲ ਕੀਤਾ ਹੈ ਕਿ ਉਹ ਗਲਤੀ ਕਰ ਬੈਠੀ ਹੈ ।
ਪੁਲਿਸ ਥਾਣਾ ਅਮੀਰ ਖਾਸ ਦੇ ਪਿੰਡ ਚੱਕ ਸੈਦੋ ਕੇ ਵਾਸੀ ਅਮਨਦੀਪ ਪਤਨੀ ਦੇਵੀ ਲਾਲ ਦੇ ਬਿਆਨਾਂ ਤੇ ਦਰਜ ਅਪਰਾਧਿਕ ਮੁਕੱਦਮਿਆਂ ਵਿਚ ਲੂ ਕੰਢੇ ਖੜ੍ਹੇ ਕਰਨ ਵਾਲੀ ਮੁਜਰਮਾਨਾ ਘਟਨਾ ਸਾਹਮਣੇ ਆਈ ਹੈ ।
ਹੋਈ ਵਾਰਦਾਤ ਵਿੱਚ ਇਕ ਚਾਚੀ ਨੇ ਤਿੰਨ ਮਹੀਨੇ ਦੀ ਮਸੂਮ ਬੱਚੀ ਨੂੰ ਘਰ ਅੰਦਰ ਹੀ ਟੋਆ ਪੁੱਟ ਕੇ ਮੂਧੇ ਮੂੰਹ ਸੁੱਟਿਆ ਅਤੇ ਉੱਪਰ ਮਿੱਟੀ ਪਾ ਕੇ ਉਸ ਨੂੰ ਜ਼ਮੀਨ ਵਿੱਚ ਦਫ਼ਨਾ ਦਿੱਤਾ ।
ਅਮਨਦੀਪ ਅਨੁਸਾਰ ਉਸ ਦੇ ਪੰਜ ਬੱਚੇ ਹਨ ਜਿਨ੍ਹਾਂ ਵਿਚੋਂ ਇਕ ਬੱਚੀ ਮਹਿਕਦੀਪ ਮਾਤਰ ਤਿੰਨ ਮਹੀਨੇ ਦੀ ਸੀ ।
ਉਹ ਜਦੋਂ ਕਿਸੇ ਕੰਮ ਲਈ ਪਿੰਡ ਅੰਦਰ ਹੀ ਸਥਿਤ ਬੈਂਕ ਗਈ ਤਾਂ ਆਪਣੀ ਬੱਚੀ ਨੂੰ ਘਰ ਦੇ ਸਾਹਮਣੇ ਰਹਿੰਦੀ ਰਾਣੀ ਨੂੰ ਦੇ ਗਈ ।
ਰਾਣੀ ਰਿਸ਼ਤੇਦਾਰੀ ਵਿੱਚ ਉਸ ਦੀ ਨੂੰਹ ਲਗਦੀ ਹੈ
ਬੈਂਕ ਤੋਂ ਵਾਪਸ ਆਉਣ ਤੇ ਜਦੋਂ ਉਸਨੇ ਦੇਖਿਆ ਤਾਂ ਬੱਚੀ ਮਹਿਕਦੀਪ ਰਾਣੀ ਦੇ ਘਰ ਸੌਂ ਰਹੀ ਸੀ ।
ਕੁਝ ਦੇਰ ਬਾਅਦ ਜਦੋਂ ਉਸ ਨੇ ਦੁਬਾਰਾ ਰਾਣੀ ਘਰ ਮਹਿਕਦੀਪ ਨੂੰ ਲੈਣ ਗਈ ਤਾਂ ਰਾਣੀ ਨੇ ਦੱਸਿਆ ਕਿ ਤੇਰੀ ਦਰਾਣੀ ਸੁਖਪ੍ਰੀਤ ਉਰਫ ਸੁੱਖੀ ਪਤਨੀ ਬਲਵੀਰ ਲੈ ਗਈ ਹੈ ।
ਘਰ ਆ ਕੇ ਜਦੋਂ ਸੁੱਖੀ ਨੂੰ ਬੱਚੀ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ । ਇਸ ਤੋਂ ਬਾਅਦ ਸਾਰਾ ਪਰਿਵਾਰ ਬੱਚੀ ਨੂੰ ਭਾਲਦਾ ਰਿਹਾ ।
ਘਰ ਅੰਦਰ ਪੁੱਟੀ ਨਵੀਂ ਮਿੱਟੀ ਵੱਲ ਜਦੋਂ ਘਰ ਵਾਲਿਆਂ ਦਾ ਧਿਆਨ ਗਿਆ ਤਾਂ ਉਨ੍ਹਾਂ ਨੂੰ ਬੱਚੀ ਦਾ ਪੈਰ ਦਿਸਿਆ ।
ਅਮਨਦੀਪ ਦੱਸਦੀ ਹੈ ਕਿ ਜਦੋਂ ਉਸ ਨੇ ਮਿੱਟੀ ਨੂੰ ਪਾਸੇ ਹਟਾਇਆ ਤਾਂ ਮਿੱਟੀ ਹਟਾ ਕੇ ਜਦੋਂ ਦੇਖਿਆ ਤਾਂ ਬੱਚੀ ਮਰ ਚੁੱਕੀ ਸੀ ।