ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਅਪ੍ਰੈਲ 2021 - ਅਮਰੀਕਾ ਦੇ ਟੈਕਸਾਸ ਵਿੱਚ ਵੀਰਵਾਰ ਨੂੰ ਇੱਕ ਵਿਅਕਤੀ ਦੁਆਰਾ ਹਵਾਈ ਅੱਡੇ ਦੇ ਬਾਹਰ ਗੋਲੀਬਾਰੀ ਕੀਤੀ ਗਈ। ਇਸ ਘਟਨਾ ਬਾਰੇ ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਟੈਕਸਾਸ ਦੇ ਸਾਨ ਐਂਟੋਨੀਓ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇੱਕ ਵਿਅਕਤੀ ਨੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ , ਜਿਸਦੀ ਪੁਲਿਸ ਦੁਆਰਾ ਜਵਾਬੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਇਸ ਘਟਨਾ ਵਿੱਚ ਤਕਰੀਬਨ 40 ਸਾਲਾਂ ਵਿਅਕਤੀ ਦੁਪਹਿਰ 2:30 ਵਜੇ ਦੇ ਕਰੀਬ ਟਰਮੀਨਲ ਬੀ ਵਿੱਚ ਕਾਰ ਸਮੇਤ ਦਾਖਲ ਹੋਇਆ ,ਜਿਸਨੂੰ ਇੱਕ ਪੁਲਿਸ ਅਧਿਕਾਰੀ ਦੁਆਰਾ ਟਰਮੀਨਲ ਵਿੱਚ ਗਲਤ ਤਰੀਕੇ ਨਾਲ ਵਾਹਨ ਚਲਾਉਣ ਸੰਬੰਧੀ ਰੋਕਿਆ ਗਿਆ। ਸਾਨ ਐਂਟੋਨੀਓ ਦੇ ਪੁਲਿਸ ਮੁਖੀ ਵਿਲੀਅਮ ਮੈਕਮੈਨਸ ਦੇ ਅਨੁਸਾਰ, ਇਸ ਦੌਰਾਨ ਉਹ ਆਦਮੀ ਕਾਰ ਤੋਂ ਬਾਹਰ ਆਇਆ ਅਤੇ ਉਸ ਨੇ ਅਧਿਕਾਰੀ, ਟਰਮੀਨਲ ਅਤੇ ਉਸ ਦੇ ਪਿਛਲੇ ਪਾਸੇ ਬੇਰਹਿਮੀ ਨਾਲ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਜਵਾਬੀ ਕਾਰਵਾਈ ਵਿੱਚ ਉਸਨੂੰ ਗੋਲੀ ਲੱਗਣ ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਉਸ ਖੇਤਰ ਵਿੱਚ ਭਗਦੜ ਮੱਚ ਗਈ ਅਤੇ ਦੋ ਵਿਅਕਤੀ ਜਖਮੀ ਹੋਏ ਜਦਕਿ ਕੋਈ ਅਧਿਕਾਰੀ ਜਖਮੀ ਨਹੀਂ ਹੋਇਆ। ਮੈਕਮੈਨਸ ਨੇ ਹਮਲਾਵਰ ਨੂੰ ਰੋਕਣ ਵਾਲੇ ਅਧਿਕਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਖੁਸ਼ਕਿਸਮਤੀ ਨਾਲ ਇਸ ਘਟਨਾ ਦੇ ਕਾਰਨ ਬਹੁਤ ਸਾਰੇ ਲੋਕ ਜ਼ਖਮੀ ਜਾਂ ਮਾਰੇ ਨਹੀਂ ਗਏ। ਇਸ ਹਮਲਾਵਰ ਕੋਲ ਵੱਡੀ ਮਾਤਰਾ ਵਿੱਚ ਗੋਲੀ ਬਾਰੂਦ ਅਤੇ ਵੱਡੀ ਬੰਦੂਕ ਸੀ ਅਤੇ ਪੁਲਿਸ ਅਨੁਸਾਰ ਉਹ ਵਿਅਕਤੀ .45 ਕੈਲੀਬਰ ਹੈਂਡਗਨ ਚਲਾ ਰਿਹਾ ਸੀ। ਇਸ ਦੌਰਾਨ ਹਵਾਈ ਅੱਡੇ ਨੂੰ ਤਾਲਾਬੰਦ ਕਰ ਦਿੱਤਾ ਗਿਆ ਸੀ, ਪਰ ਘਟਨਾ ਤੋਂ ਕੁੱਝ ਘੰਟਿਆਂ ਬਾਅਦ ਦੁਬਾਰਾ ਖੋਲ੍ ਦਿੱਤਾ ਗਿਆ ਸੀ। ਇਸ ਹਮਲੇ ਦੇ ਸੰਬੰਧ ਵਿੱਚ ਐਫ ਬੀ ਆਈ ਨੇ ਕਿਹਾ ਕਿ ਇਸ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਲੱਗਦਾ ਅਤੇ ਇਸਦੀ ਜਾਂਚ ਸਥਾਨਕ ਰਹੇਗੀ।