ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਅਪ੍ਰੈਲ 2021 - ਸ਼ਿਕਾਗੋ ਪੁਲਿਸ ਦੁਆਰਾ 13 ਸਾਲਾਂ ਐਡਮ ਟੋਲੇਡੋ ਦੀ ਜਾਨਲੇਵਾ ਗੋਲੀਬਾਰੀ ਦੀ ਬਾਡੀ ਕੈਮਰਾ ਫੁਟੇਜ ਵੀਰਵਾਰ ਨੂੰ ਸ਼ਹਿਰ ਦੇ ਸਿਵਲਿਅਨ ਆਫਿਸ ਆਫ ਪੁਲਿਸ ਅਕਾਉਂਟੇਬਿਲਟੀ ਦੁਆਰਾ ਜਾਰੀ ਕੀਤਾ ਗਿਆ ਹੈ। ਇਸ 29 ਮਾਰਚ ਦੀ ਫੁਟੇਜ ਵਿੱਚ ਇੱਕ ਪੁਲਿਸ ਅਧਿਕਾਰੀ ਦਿਖਾਇਆ ਗਿਆ ਹੈ ਜੋ ਇੱਕ ਗਲੀ ਵਿੱਚ ਟੋਲੇਡੋ ਦਾ ਪਿੱਛਾ ਕਰ ਰਿਹਾ ਹੈ ਅਤੇ ਟੋਲੇਡੋ ਨੂੰ ਰੁਕਣ ਲਈ ਕਹਿੰਦਾ ਹੈ।
ਅਖੀਰ ਇਹ 13 ਸਾਲਾਂ ਬੱਚਾ ਟੋਲੇਡੋ ਆਪਣੇ ਦੋਵੇਂ ਹੱਥ ਉੱਪਰ ਕਰਦਾ ਹੈ ਅਤੇ ਅਧਿਕਾਰੀ ਦੁਆਰਾ ਬੱਚੇ ਨੂੰ ਛਾਤੀ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ। ਇਸ ਮਾਮਲੇ ਵਿੱਚ ਕੁੱਕ ਕਾਉਂਟੀ ਦੇ ਸਹਾਇਕ ਸਟੇਟ ਅਟਾਰਨੀ ਜੇਮਜ਼ ਮਰਫੀ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਕਿ ਟੋਲੇਡੋ ਦੇ ਹੱਥ ਵਿੱਚ ਇੱਕ ਬੰਦੂਕ ਸੀ, ਪਰ ਪਰਿਵਾਰ ਦੀ ਅਟਾਰਨੀ ਨੇ ਦੱਸਿਆ ਕਿ ਗੋਲੀ ਵੱਜਣ ਸਮੇਂ ਵੀਡੀਓ ਵਿੱਚ ਬੱਚੇ ਦੇ ਹੱਥ ਖਾਲੀ ਹਨ।ਉਸਨੇ ਕਿਹਾ ਕਿ ਅਧਿਕਾਰੀ ਉਸ ਬੱਚੇ ਤੇ ਬੰਦੂਕ ਨਹੀਂ ਤਾਣ ਸਕਦੇ ਅਤੇ ਨਾਂ ਹੀ ਮਾਰ ਸਕਦੇ ਹਨ ਜੋ ਨਿਹੱਥਾ ਹੈ ਅਤੇ ਸਮਰਪਣ ਕਰ ਰਿਹਾ ਹੈ।
ਟੋਲੇਡੋ ਪਰਿਵਾਰ ਦੇ ਵਕੀਲਾਂ ਅਨੁਸਾਰ ਉਹ ਉਸਦੀ ਮੌਤ ਦੀ ਖੁਦ ਜਾਂਚ ਕਰ ਰਹੇ ਹਨ ਅਤੇ ਉਸ ਦੇ ਪਰਿਵਾਰ ਲਈ ਨਿਆਂ ਦੀ ਮੰਗ ਕਰਦੇ ਹਾਂ। ਇਸਦੇ ਇਲਾਵਾ ਵਕੀਲਾਂ ਨੇ ਕਿਹਾ ਕਿ ਉਹ ਸ਼ਿਕਾਗੋ ਸ਼ਹਿਰ ਦੇ ਨੁਮਾਇੰਦਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਸਮੇਂ ਇਸ ਕੇਸ ਦੇ ਤੱਥਾਂ ਬਾਰੇ ਹੋਰ ਕੋਈ ਟਿੱਪਣੀ ਨਹੀਂ ਕੀਤੀ ਜਾਵੇਗੀ।ਸ਼ਿਕਾਗੋ ਦੀ ਮੇਅਰ ਲਾਰੀ ਲਾਈਟਫੁੱਟ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਟੋਲੇਡੋ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦਿਆਂ ਸ਼ਿਕਾਗੋ ਪੁਲਿਸ ਵਿੱਚ ਤਬਦੀਲੀ ਦਾ ਵਾਅਦਾ ਕੀਤਾ।