ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਅਪ੍ਰੈਲ 2021 - ਅਮਰੀਕਾ ਦੇ ਕਵੀਨਜ਼-ਲੌਂਗ ਆਈਲੈਂਡ ਸਰਹੱਦ ਨੇੜੇ ਬੁੱਧਵਾਰ ਦੀ ਸਵੇਰ ਟ੍ਰੈਫਿਕ ਸਟਾਪ ਦੌਰਾਨ ਪੁਲਿਸ ਨੂੰ ਇੱਕ ਮ੍ਰਿਤਕ ਔਰਤ ਕਾਰ ਦੀ ਡਿੱਗੀ ਵਿੱਚੋਂ ਬਰਾਮਦ ਹੋਈ ਹੈ ਅਤੇ ਇਸ ਮਾਮਲੇ ਵਿੱਚ ਚਾਰ ਆਦਮੀ ਹਿਰਾਸਤ ਵਿੱਚ ਲਏ ਗਏ ਹਨ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਨੂੰ ਰਾਤ 1:30 ਵਜੇ ਦੇ ਕਰੀਬ ਸਮਿਥ ਪਲੇਸ ਨੇੜੇ ਇੱਕ ਖਾਲੀ ਜਗ੍ਹਾ ਤੋਂ ਕੰਬਲ ਵਿੱਚ ਕੁੱਝ ਲਪੇਟ ਦਿਆਂ ਨੂੰ ਵੇਖਿਆ ਅਤੇ ਅਧਿਕਾਰੀਆਂ ਅਨੁਸਾਰ ਐਮ ਐਸ -13 ਗਿਰੋਹ ਨਾਲ ਸੰਭਾਵਿਤ ਸਬੰਧਾਂ ਲਈ ਇਹ ਖੇਤਰ ਪਹਿਲਾਂ ਹੀ ਨਿਗਰਾਨੀ ਹੇਠ ਸੀ।
ਇਹਨਾਂ ਸ਼ੱਕੀ ਵਿਅਕਤੀਆਂ ਨੇ ਉਸ ਪਾਰਸਲ ਨੂੰ ਇੱਕ ਵਾਹਨ ਦੀ ਡਿੱਗੀ ਵਿੱਚ ਪਾ ਦਿੱਤਾ ਅਤੇ ਲੌਂਗ ਆਈਲੈਂਡ ਵੱਲ ਭੱਜ ਗਏ,ਜਿਹਨਾਂ ਨੂੰ ਪੁਲਿਸ ਨੇ ਸਟਾਪ ਦੌਰਾਨ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਜਦੋਂ ਡਿੱਗੀ ਨੂੰ ਖੋਲ੍ਹਿਆ ਤਾਂ ਕੰਬਲ ਵਿੱਚ ਲਪੇਟੀ ਹੋਈ ਇੱਕ ਮਰੀ ਹੋਈ ਔਰਤ ਨੂੰ ਪਾਇਆ ,ਜਿਸਦੀ ਕੋਈ ਪਛਾਣ ਨਹੀਂ ਸੀ। ਇਸ ਮਾਮਲੇ ਦੇ ਸੰਬੰਧ ਵਿੱਚ ਚਾਰਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ,ਪਰ ਅਜੇ ਕੋਈ ਦੋਸ਼ ਦਾਇਰ ਨਹੀਂ ਕੀਤਾ ਗਿਆ ਹੈ।
ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ, ਅਤੇ ਦੱਸਿਆ ਕਿ ਇਹ ਕੁਈਨਜ਼, ਨਿਊਯਾਰਕ ਦੇ ਖੇਤਰ ਵਿੱਚ ਹਿੰਸਾ ਦੀਆਂ ਕੁੱਝ ਘਟਨਾਵਾਂ ਦੀ ਲੰਮੇ ਸਮੇਂ ਦੀ ਜਾਂਚ ਦੇ ਨਤੀਜੇ ਹਨ। ਪੁਲਿਸ ਕਮਿਸ਼ਨਰ ਡਰਮੋਟ ਸ਼ੀਆ ਨੇ ਵੀ ਇਸਨੂੰ ਇੱਕ ਸਰਗਰਮ ਜਾਂਚ ਅਤੇ ਨਿਊਯਾਰਕ ਪੁਲਿਸ ਵਿਭਾਗ ਦੀ ਸਫਲਤਾ ਦੱਸਿਆ।