← ਪਿਛੇ ਪਰਤੋ
ਜਗਦੀਸ਼ ਥਿੰਦ ਗੁਰੂ ਹਰਸਹਾਏ / ਫਿਰੋਜ਼ਪੁਰ 17 ਅਪ੍ਰੈਲ , ਪੁਰਾਣੇ ਜ਼ਮੀਨੀ ਵਿਵਾਦ ਵਿੱਚ ਕਥਿਤ ਤੌਰ ਤੇ ਸਿਆਸੀ ਸ਼ਹਿ ਤੋਂ ਪ੍ਰੇਰਤ ਗੁੰਡਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਕਿਸਾਨ ਮਹਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਕੱਲ੍ਹ 18 ਅਪ੍ਰੈਲ ਨੂੰ ਪੰਜ ਦਿਨਾਂ ਬਾਅਦ ਅੰਤਿਮ ਸਸਕਾਰ ਹੋਵੇਗਾ । 14 ਅਪ੍ਰੈਲ ਦੀ ਸ਼ਾਮ ਨੂੰ ਹਮਲਾਵਰਾਂ ਨੇ ਮਹੇਂਦਰ ਸਿੰਘ ਉਪਰ ਗੋਲੀਆਂ ਚਲਾਈਆਂ ਤਾਂ ਉਸ ਦਾ ਪੁੱਤਰ ਜ਼ਖ਼ਮੀ ਹੋਣ ਦੇ ਬਾਵਜੂਦ ਜਾਨੋਂ ਬਚ ਗਿਆ ਪਰ ਮਹਿੰਦਰ ਸਿੰਘ ਦੀ ਮੌਤ ਹੋ ਗਈ । ਇਸ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜਥੇਦਾਰ ਅਤੇ ਹਲਕਾ ਇੰਚਾਰਜ ਗੁਰੂਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਲਗਾਤਾਰ ਥਾਣੇ ਮੂਹਰੇ ਧਰਨਾ ਦਿੱਤਾ ਗਿਆ । ਪੁਲਸ ਪ੍ਰਸ਼ਾਸਨ ਨੇ ਅੱਜ ਉਸ ਵਕਤ ਗੋਡੇ ਟੇਕ ਦਿੱਤੇ ਜਦੋਂ ਐੱਸ ਪੀ ਆਪ੍ਰੇਸ਼ਨ ਫਿਰੋਜ਼ਪੁਰ ਨੇ ਦੱਸਿਆ ਕਿ ਘਟਨਾ ਸਥਾਨ ਵਾਲੇ ਖੇਤਰ ਦੇ ਤਫਤੀਸ਼ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਜਦਕਿ ਐਸ ਐਚ ਓ ਗੁਰੂਹਰਸਹਾਏ ਵੀ ਵਿਭਾਗੀ ਕਾਰਵਾਈ ਖੋਲ੍ਹੀ ਜਾਵੇਗੀ । ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਗਏ ਇਸ ਸੰਘਰਸ਼ ਦੌਰਾਨ ਨਾਮਜ਼ਦ ਕੀਤੇ ਦੋਸ਼ੀਆਂ ਵਿਚੋਂ 2 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦਕਿ ਐੱਸ ਪੀ ਆਪ੍ਰੇਸ਼ਨ ਨੇ ਭਰੋਸਾ ਦਿਵਾਇਆ ਕਿ ਜਦ ਤੱਕ ਬਾਕੀ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਦ ਤਕ ਪੀੜਤ ਧਿਰ ਦੀ ਸੁਰੱਖਿਆ ਲਈ 10 ਪੁਲਿਸ ਮੁਲਾਜ਼ਮ ਪਿੰਡ ਵਿੱਚ ਮੌਜੂਦ ਰਹਿਣਗੇ । ਕੱਲ੍ਹ ਸਵੇਰੇ ਮ੍ਰਿਤਕ ਦੇ ਜੱਦੀ ਪਿੰਡ ਕਚੂਰਿਆਂ ਵਾਲਾ ਚੱਕ ਪੰਜੇ ਕੇ ਵਿਖੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ।
Total Responses : 189