ਸਰਕਾਰ ਵੱਲੋਂ ਮੰਗਾਂ ਦੀ ਪੂਰਤੀ ਨਾ ਕਰਨ ਖ਼ਿਲਾਫ਼ ਕਾਮਿਆਂ ’ਚ ਪਾਇਆ ਜਾ ਰਿਹੈ ਭਾਰੀ ਰੋਸ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ 2021-ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਰਕੇ ਸੱਤਾ ’ਚ ਆਉਣ ਵਾਲੀ ਕੈਪਟਨ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਬਹੁਤ ਹੀ ਘੱਟ ਤਨਖਾਹਾਂ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਆਉਟਸੋਰਸਿੰਗ/ਕੰਟਰੈਕਟ ’ਤੇ ਕੰਮ ਕਰਦੇ ਵਰਕਰਾਂ ਨੂੰ ਪੱਕਾ ਕਰਨ ਦੀ ਬਜਾਇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਇਸਦੇ ਰੋਸ ਵਜੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਆਉਟਸੋਰਸਿੰਗ ਅਤੇ ਕੰਟਰੈਕਟ ਵਰਕਰਾਂ ਨੇ ਆਪਣੇ ਘਰਾਂ ਦੇ ਬਾਹਰ ਰਾਜਨੀਤਿਕ ਲੀਡਰਾਂ ਲਈ ‘ਨੋ ਐਂਟਰੀ’ ਦੇ ਬੋਰਡ ਲਗਾ ਦਿੱਤੇ ਹਨ। ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ, ਸਹਾਇਕ ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ ਕਪੂਰ ਅਤੇ ਪ੍ਰਚਾਰ ਸਕੱਤਰ ਤਰਲੋਕ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ 3 ਵਾਰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਪਰ ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਨਹੀਂ ਕੀਤੀ ਗਈ, ਜਿਸਦੇ ਰੋਸ ਵਜੋਂ ਇਹ ਐਲਾਨ ਕੀਤਾ ਗਿਆ ਕਿ ਮੁੱਖ ਮੰਤਰੀ ਪੰਜਾਬ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਸਬ ਕਮੇਟੀ ਦੇ ਮੈਂਬਰ-ਕਮ ਕੈਬਨਿਟ ਮੰਤਰੀਆਂ ਨੂੰ ਫੀਲਡ ਵਿੱਚ ਆਉਣ ’ਤੇ ਕਾਲੀਆਂ ਝੰਡੀਆਂ ਦਿਖਾਕੇ ਘਿਰਾਓ ਕੀਤਾ ਜਾਵੇਗਾ। ਆਗੂਆਂ ਵੱਲੋਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ, ਨਵੇਂ ਲੇਬਰ ਕਾਨੂੰਨ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ ਬਿਨਾਂ ਸ਼ਰਤ ਰੱਦ ਕੀਤਾ ਜਾਵੇ। ਉਨਾਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਪ੍ਰਚਾਰ ਸਕੱਤਰ ਵਜਿੰਦਰ ਸਿੰਘ ਬਰਾੜ, ਗੁਰਦੇਵ ਸਿੰਘ, ਗੁਰਸੇਵਕ ਸਿੰਘ, ਸੋਰਵ ਕੁਮਾਰ, ਸੁਰਿੰਦਰ ਕੁਮਾਰ ਅਤੇ ਵਿਕੇਸ਼ ਕੁਮਾਰ ਆਦਿ ਹਾਜ਼ਰ ਹੋਏ।