- ਘਰ-ਘਰ ਜਾ ਕੇ ਸੁਵਿਧਾਵਾਂ ਸੰਬੰਧੀ ਕੀਤਾ ਜਾਗਰੂਕ
ਗੜ੍ਹਸ਼ੰਕਰ, 18 ਅਪ੍ਰੈਲ 2021 - ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਦਾਖਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਆਉਂਦੇ ਨੀਮ-ਪਹਾੜੀ ਇਲਾਕੇ ਬੀਤ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਉਹਨਾਂ ਖੇਤਰ ਦੇ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲਗਦੇ ਪੰਜਾਬ ਦੇ ਆਖਰੀ ਪਿੰਡ ਮਹਿੰਦਵਾਣੀ, ਬੀਣੇਵਾਲ, ਗੁਰੂਬਿਸ਼ਨਪੁਰੀ ਭਵਾਨੀਪੁਰ, ਹੈਬੋਵਾਲ, ਸਰਕਾਰੀ ਪ੍ਰਾਇਮਰੀ ਸਕੂਲ ਸੀਹਵਾਂ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਆਦਿ ਸਕੂਲਾਂ ਦਾ ਦੌਰਾ ਕੀਤਾ।ਸਕੂਲਾਂ ਦੇ ਬੁਨਿਆਦੀ ਢਾਂਚੇ ,ਉਪਲਬਧ ਸਹੂਲਤਾਂ ਅਤੇ ਸਮਾਰਟ ਸਕੂਲ ਪੈਮਾਨਿਆਂ ਸੰਬੰਧੀ ਜਾਇਜ਼ਾ ਲਿਆ ਗਿਆ।
ਦੌਰੇ ਦੌਰਾਨ ਉਹਨਾਂ ਬੁਨਿਆਦੀ ਢਾਂਚੇ ਦੇ ਰੱਖ-ਰਖਾਅ ਅਤੇ ਦਾਖਲਾ ਮੁਹਿੰਮ ਪ੍ਰਤੀ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਉਤਸਾਹ ਦੀ ਸ਼ਲਾਘਾ ਕਰਦਿਆ ਕਿ ਸਮੁੱਚਾ ਅਧਿਆਪਕ ਵਰਗ ਇਸ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾ ਰਿਹਾ ਹੈ।ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਵਿੱਚ ਨਰਸਰੀ ਜਮਾਤਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਕੇ ਸੁਹਿਰਦ ਯਤਨ ਅਰੰਭਣ ਦੀ ਲੋੜ ’ਤੇ ਜੋਰ ਦਿੱਤਾ।ਸਰਕਾਰੀ ਸਕੂਲਾਂ ਵਿੱਚ ਆਈਆਂ ਗੁਣਾਤਮਕ ਅਤੇ ਗਿਣਾਤਮਿਕ ਤਬਦੀਲ਼ੀਆਂ ਸੰਬੰਧੀ ਸਮਾਜ ਦੇ ਹਰ ਵਰਗ ਤੱਕ ਪ੍ਰਚਾਰਨ ਲਈ ਸਕੂਲ ਦਰਸ਼ਨ ਪ੍ਰੋਗਰਾਮ ਸ਼ੁਰੂ ਕਰਨ ਲਈ ਵੀ ਪ੍ਰੇਰਿਆ ਗਿਆ ਤਾਂ ਜੋ ਇਸ ਬਦਲਾਅ ਨੂੰ ਪ੍ਰਤੱਖ ਰੂਪ ਵਿੱਚ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕੇ।
ਇਸ ਫੇਰੀ ਦੌਰਾਨ ਸਕੱਤਰ ਵਲੋਂ ਬੀਣੇਵਾਲ ਪਿੰਡ ਵਿਖੇ ਘਰਾਂ ਵਿੱਚ ਜਾ ਕੇ ਸਰਕਾਰੀ ਸਕੂਲਾਂ ਵਿੱਚ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਬੁਨਿਆਦੀ ਸੁਵਿਧਾਵਾਂ ਸੰਬੰਧੀ ਪ੍ਰੇਰਿਤ ਕੀਤਾ।