- ਕੈਂਸਰ ਰੋਕੋ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਵੱਲੋਂ ਲੋਕਾਂ ਨੂੰ ਇਸ ਅਹਿਮ ਮਸਲੇ ਨੂੰ ਵੋਟ ਮੁੱਦਾ ਬਣਾਉਣ ਦੀ ਅਪੀਲ
ਕੋਟਕਪੂਰਾ, 18 ਅਪ੍ਰੈਲ 2021 - ਪੰਜਾਬ ਦਾ ਨਾਮ ਪੰਜ ਦਰਿਆਵਾਂ ਦੀ ਧਰਤੀ ਹੋਣ ਕਰਕੇ ਪੰਜ-ਆਬ ਤੋਂ ਪਿਆ। ਪਰ ਅੱਜ ਸੂਬੇ ਦੀਆਂ ਸਨਅਤੀ ਇਕਾਈਆਂ ਦਰਿਆਈ ਪਾਣੀਆਂ ਵਿੱਚ ਜ਼ਹਿਰ ਘੋਲ਼ ਰਹੀਆਂ ਹਨ। ਸਨਅਤੀ ਇਕਾਈਆਂ ਦਾ ਕੈਮੀਕਲ ਵਾਲਾ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ ਵਿੱਚ ਮਿਲ ਕੇ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਹ ਪ੍ਰਦੂਸ਼ਿਤ ਪਾਣੀ ਮਾਲਵਾ ਸਮੇਤ ਰਾਜਸਥਾਨ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਲੈ ਰਿਹਾ ਹੈ। ਹਕੀਕਤ ਇਹ ਹੈ ਕਿ ਪੰਜਾਬ ਵਿੱਚ ਹੁਣ ਮਨੁੱਖਾਂ ਦੇ ਨਾਲ-ਨਾਲ ਪਸ਼ੂ ਵੀ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ।
ਭਾਈ ਘਨ੍ਹੱਈਆ ਕੈਂਸਰ ਰੋਕੂ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ ਦੀ ਟੀਮ ਲਗਾਤਾਰ ਪਾਣੀਆਂ ਚ ਘੁਲ ਰਹੇ ਜ਼ਹਿਰ ਨੂੰ ਰੋਕਣ ਲਈ ਸੰਘਰਸ਼ ਕਰ ਰਹੀ ਹੈ, ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ, ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ,ਮਨਪ੍ਰੀਤ ਸਿੰਘ ਧਾਲੀਵਾਲ ਅਤੇ ਮਨਦੀਪ ਮੌਂਗਾ ਨੇ ਹਰੀਕੇ ਪੱਤਣ ਅਤੇ ਫਰੀਦਕੋਟ ਨਹਿਰਾਂ ਤੇ ਆਕੇ ਆ ਰਹੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਜਗਪਾਲ ਸਿੰਘ ਬਰਾੜ,ਸੁਰਿੰਦਰ ਮਚਾਕੀ,ਅਸ਼ੋਕ ਕੌਸ਼ਲ,ਹਰਪਾਲ ਸਿੰਘ ਮਚਾਕੀ,ਸ਼ੇਰ ਸਿੰਘ, ਸ਼ਰਨਜੀਤ ਸਿੰਘ, ਮਾਸਟਰ ਮੱਖਣ ਸਿੰਘ, ਪ੍ਰੀਤਮ ਸਿੰਘ ਭਾਣਾ,ਗੁਰਪ੍ਰੀਤ ਸਿੰਘ ਅਤੇ ਇਕੱਤਰ ਹੋਏ ਹੋਰ ਜਾਗਰੂਕ ਲੋਕਾਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਸਬੰਧਿਤ ਮਹਿਕਮੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਇਸ ਵਰਤਾਰੇ ਨੂੰ ਠੱਲ ਪਾਉਣ ਚ ਬੁਰੀ ਤਰਾਂ ਅਸਫਲ ਸਿੱਧ ਹੋਏ ਹਨ।
ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਮਸਲਾ ਪ੍ਰਦੂਸ਼ਣ ਕੰਟਰੌਲ ਬੋਰਡ, ਐਨ ਜੀ ਟੀ, ਕੇਂਦਰੀ ਜਲ ਸਰੋਤ ਮੰਤਰੀ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਮਾਲਵਾ ਪੱਟੀ ਅਤੇ ਰਾਜਸਥਾਨ ਵਿੱਚ ਨਹਿਰ ਦਾ ਪਾਣੀ ਵਰਤਣ ਵਾਲੇ ਲੱਖਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਿਰੰਤਰ ਜਾਰੀ ਹੈ ਜਿਸ ਸਦਕਾ ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ, ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਬੁੱਢੇ ਨਾਲ਼ੇ ਦਾ ਗੰਦਾ ਪਾਣੀ ਅਤੇ ਸ਼ਾਹਕੋਟ ਸ਼ਹਿਰ ਦਾ ਸੀਵਰੇਜ ਪਾਣੀ ਦਰਿਆ ਸਤਲੁਜ ਚ ਪੈਣ ਤੋਂ ਰੋਕਣ ਲਈ ਸਖਤ ਕਦਮ ਨਾ ਚੁੱਕੇ ਗਏ ਤਾਂ ਪੰਜਾਬ ਅਤੇ ਰਾਜਸਥਾਨ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਸਮੂਹ ਸਮਾਜਿਕ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟਾਂ ਮੰਗਣ ਆਏ ਰਾਜਨੀਤਕ ਆਗੂਆਂ ਨੂੰ ਹੋਰ ਮਸਲਿਆਂ ਦੇ ਨਾਲ ਨਾਲ ਇਹ ਸਵਾਲ ਵੀ ਕੀਤਾ ਜਾਵੇ ਕਿ ਉਹਨਾਂ ਨੇ ਵਾਤਾਵਰਨ, ਪੌਣ ਪਾਣੀ ਅਤੇ ਅਗਲੀਆਂ ਪੀੜੀਆਂ ਦੇ ਬਿਹਤਰ ਭਵਿੱਖ ਲਈ ਕੀ ਕਦਮ ਚੁੱਕੇ ਹਨ ਅਤੇ ਭਵਿੱਖ ਚ ਕੀ ਉਪਰਾਲੇ ਕੀਤੇ ਜਾਣਗੇ।