ਰਾਜਵੰਤ ਸਿੰਘ
ਮਲੋਟ, 18 ਅਪ੍ਰੈਲ 2021-ਅੱਜ ਦੁਪਿਹਰ ਵੇਲੇ ਬਠਿੰਡਾ ਰੋਡ ਉਪਰ ਬਿਜਲੀ ਦੇ ਗਰਿੱਡ ਦੇ ਨਾਲ ਵਾਪਰੀ ਅੱਗ ਲੱਗਣ ਦੀ ਘਟਨਾ ਨਾਲ ਦੋ ਕਿਸਾਨਾਂ ਦੀ ਪੱਕ ਕੇ ਤਿਆਰ ਹੋਈ ਕਣਕ ਦੀ ਖੜੀ ਫਸਲ ਸੜਕੇ ਸਵਾਹ ਹੋ ਗਈ ਹੈ। ਅੱਗ ’ਤੇ ਫਾਇਰ ਬਿ੍ਰਗੇਡ ਦੀ ਟੀਮ ਨੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ, ਜਿਸ ਨਾਲ ਹੋਰ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਮਲੋਟ ਬਠਿੰਡਾ ਰੋਡ ’ਤੇ 132 ਕੇਵੀ ਗਰਿੱਡ ਦੀ ਕੰਧ ਦੇ ਨਾਲ ਖੜੀ ਕਣਕ ਨੂੰ ਅੱਗ ਲੱਗ ਗਈ। ਫਾਇਰ ਅਫ਼ਸਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਗਰਿੱਡ ਕਰਮਚਾਰੀ ਸੰਜੀਵ ਕੁਮਾਰ ਵੱਲੋਂ ਫੋਨ ’ਤੇ ਸੂਚਨਾ ਮਿਲਣ ’ਤੇ ਉਹ ਟੀਮ ਸਮੇਤ ਪੁੱਜੇ ਅਤੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਇਸ ਅੱਗ ਨਾਲ ਭੁਪਿੰਦਰ ਸਿੰਘ ਪੁੱਤਰ ਮਾਹਲਾ ਸਿੰਘ ਦੀ ਡੇਢ ਏਕੜ ਅਤੇ ਸ਼ਮਸ਼ੇਰ ਸਿੰਘ ਪੁੱਤਰ ਨੱਥਾ ਸਿੰਘ ਦੀ ਇਕ ਏਕੜ ਕਣਕ ਸੜ ਗਈ ਹੈ। ਉਹਨਾਂ ਕਿਹਾ ਕਿ ਜੇਕਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨਾਲ ਖੜੀ ਸੈਂਕੜੇ ਏਕੜ ਕਣਕ ਤੋਂ ਇਲਾਵਾ ਗਰਿੱਡ ਅਤੇ ਰਿਹਾਇਸ਼ੀ ਇਲਾਕੇ ਵਿਚ ਨੁਕਸਾਨ ਹੋ ਸਕਦਾ ਸੀ।
ਉਧਰ ਅੱਗ ਨਾਲ ਪ੍ਰਭਾਵਿਤ ਕਿਸਾਨ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਨਾਲ ਵਾਪਰੀ ਹੈ, ਕਿਉਂਕਿ ਤਾਰਾਂ ਨੀਵੀਆਂ ਹੋਣ ਕਰਕੇ ਉਹ ਪਹਿਲਾਂ ਵੀ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ, ਪਰ ਸੁਣਵਾਈ ਨਹੀਂ ਕੀਤੀ ਗਈ। ਉਧਰ ਇਸ ਮਾਮਲੇ ’ਤੇ ਗਰਿੱਡ ਦੇ ਜੇਈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਖੇਤ ਵਿੱਚੋਂ ਲੰਘਦੇ ਦੋਨਾਂ ਫੀਡਰਾਂ ਦਾ ਪਰਮਿੱਟ ਹੋਣ ਕਰਕੇ ਬਿਜਲੀ ਬੰਦ ਸੀ, ਪਰ ਇਸ ਦੇ ਬਾਵਜੂਦ ਵੀ ਇਸ ਅੱਗਜਨੀ ਦੇ ਕਾਰਣ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ।