ਬਠਿੰਡੇ ਦਾ ਨਾਮੀ ਪੱਤਰਕਾਰ ਭੇਦ ਭਰੇ ਹਾਲਾਤ ’ਚ ਲਾਪਤਾ
ਅਸ਼ੋਕ ਵਰਮਾ
ਬਠਿੰਡਾ,18ਅਪਰੈਲ2021: ਜਲੰਧਰ ਤੋਂ ਛਪਦੇ ਰੋਜਾਨਾ ਪੰਜਾਬੀ ਅਖ਼ਬਾਰ ਅਜੀਤ ਦੇ ਜਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਬਾਅਦ ਦੁਪਹਿਰ ਇੱਕ ਸੜਕ ਹਾਦਸੇ ਤੋਂ ਬਾਅਦ ਭੇਤ ਭਰੇ ਹਾਲਾਤ ’ਚ ਲਾਪਤਾ ਹੋ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਕੰਵਲਜੀਤ ਸਿੰਘ ਦਾ ਕੋਈ ਸੁਰਾਗ ਨਹੀਂ ਲੱਗਿਆ ਹੈ।
ਵੇਰਵਿਆਂ ਅਨੁਸਾਰ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਨੂੰ ਦੁਪਹਿਰ ਦੇ ਕਰੀਬ ਢਾਈ ਵਜੇ ਬਠਿੰਡਾ ਸਥਿਤ ਉੱਪ ਦਫਤਰ ਤੋਂ ਆਪਣੇ ਮੋਟਰਸਾਈਕਲ ਨੰਬਰ. ’ਤੇ ਸਵਾਰ ਹੋ ਕੇ ਗੋਨਿਆਣਾ ਰੋਡ ਵੱਲ ਗਿਆ ਸੀ ।
ਕੌਮੀ ਖਾਦ ਕਾਰਖਾਨੇ ਦੇ ਨਜ਼ਦੀਕ ਪੈਂਦੇ ਪੈਟਰੋਲ ਪੰਪ ਕੋਲ ਉਸ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਾਲੀ ਥਾਂ ਤੋਂ ਕੁੱਝ ਦੂਰੀ ਤੇ ਸਿੱਧੂ ਦਾ ਮੋਟਰਸਾਈਕਲ ਮਿਲ ਗਿਆ ਪਰ ਅੱਜ ਸ਼ਾਮ ਤੱਕ ਉਸ ਦਾ ਕੋਈ ਥਹੁ ਪਤਾ ਨਹੀ ਲੱਗ ਸਕਿਆ ਹੈ।
ਕੰਵਲਜੀਤ ਸਿੰਘ ਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ ਜਿਸ ਨੇ ਸਭਨਾਂ ਦੇ ਫਿਕਰ ਵਧਾਏ ਹੋਏ ਹਨ। ਅਚਾਨਕ ਵਾਪਰੀ ਇਸ ਘਟਨਾਂ ਨੂੰ ਲੈਕੇ ਮੀਡੀਆ ਹਲਕਿਆਂ ’ਚ ਰੋਸ ਤੇ ਅਫਸੋਸ ਦਾ ਮਹੌਲ ਬਣਿਆ ਹੋਇਆ ਹੈ। ਸ਼ਹਿਰ ’ਚ ਵੀ ਸਿੱਧੂ ਦੇ ਲਾਪਤਾ ਹੋਣ ਪਿੱਛੋਂ ਭਾਂਤ ਭਾਂਤ ਦੇ ਚਰਚੇ ਜਾਰੀ ਹਨ। ਓਧਰ ਪ੍ਰੀਵਾਰ ਵੀ ਸਮਾਂ ਗੁਜ਼ਰਨ ਦੇ ਨਾਲ ਨਾਲ ਪੂਰੀ ਤਰਾਂ ਫਿਕਰਮੰਦ ਹੋ ਗਿਆ ਹੈ।
ਪਰਿਵਾਰਕ ਮੈਂਬਰਾਂ , ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਕੰਵਲਜੀਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਡੀ ਗਿਣਤੀ ਪੱਤਰਕਾਰ ਭਾਈਚਾਰੇ ਨੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰਜੀਤ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ ਅਤੇ ਕੰਵਲਜੀਤ ਸਿੰਘ ਨਾਲ ਵਾਪਰੀ ਘਟਨਾਂ ਤੋਂ ਜਾਣੂੰ ਕਰਵਾਇਆ। ਪੱਤਰਕਾਰਾਂ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਕੰਵਲਜੀਤ ਸਿੰਘ ਦੀ ਸੁਰੱਖਿਆ ਨੂੰ ਲੈਕੇ ਫਿਕਰ ਜਾਹਰ ਕੀਤੇ। ਐਸ ਐਸ ਪੀ ਬਠਿੰਡਾ ਥਾਣਾ ਥਰਮਲ ਪਹੁੰਚੇ ਅਤੇ ਪੁਲਿਸ ਦੀਆਂ ਟੀਮਾਂ ਬਣਾ ਕੇ ਹਰ ਪਹਿਲੂ ਤੋਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਸਮੂਹ ਥਾਣਾ ਇੰਚਾਰਜਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਆੋ ਆਪਣੇ ਢੰਗ ਤਰੀਕਿਆਂ ਨਾਲ ਇਸ ਗੁੰਮਸ਼ੁਦਗੀ ਮਾਮਲੇ ਨੂੰ ਸੁਲਝਾਉਣ ਦਾ ਯਤਨ ਕਰਨ। ਓਧਰ ਪ੍ਰੀਵਾਰਕ ਅਤੇ ਸਟਾਫ ਮੈਂਬਰਾਂ ਨੇ ਪੁਲਿਸ ਅਤੇ ਹੋਰ ਸਾਧਨਾਂ ਰਾਹੀਂ ਕੰਵਲਜੀਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸਡਲਤਾ ਹਾਸਲ ਨਹੀਂ ਹੋਈ ਹੈ। ਪਤਾ ਲੱਗਿਆ ਹੈ ਕਿ ਡੀ ਐਸ ਪੀ ਸਿਟੀ ਆਸ਼ਵੰਤ ਸਿੰਘ ਨੇ ਵੀ ਘਟਨਾਂ ਵਾਲੀ ਥਾਂ ਤੇ ਜਾਇਜ਼ ਲਿਆ । ਇਸ ਮਾਮਲੇ ਨੂੰ ਲੈਕੇ ਪੁਲਿਸ ਅਧਿਕਾਰੀ ਹਾਲ ਦੀ ਘੜੀ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਏ ਹਨ ਸਿਰਫ ਪੜਤਾਲ ਜਾਰੀ ਹੈ ,ਏਨਾਂ ਹੀ ਕਿਹਾ ਜਾ ਰਿਹਾ ਹੈ।