ਟਰੰਪ ਦੇ ਸਾਬਕਾ ਸਲਾਹਕਾਰ ਰੋਜਰ ਸਟੋਨ ਅਤੇ ਉਸਦੀ ਪਤਨੀ 'ਤੇ ਟੈਕਸ ਮਾਮਲੇ ਵਿੱਚ ਹੋਇਆ ਮੁਕੱਦਮਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਅਪ੍ਰੈਲ 2021: ਫਲੋਰੀਡਾ ਵਿੱਚ ਫੈਡਰਲ ਵਕੀਲਾਂ ਨੇ ਡੋਨਾਲਡ ਟਰੰਪ ਦੇ ਸਾਬਕਾ ਮੁਹਿੰਮ ਸਲਾਹਕਾਰ ਰੋਜਰ ਸਟੋਨ ਵਿਰੁੱਧ ਸ਼ੁੱਕਰਵਾਰ ਨੂੰ ਇੱਕ ਸਿਵਲ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਸਟੋਨ ਅਤੇ ਉਸ ਦੀ ਪਤਨੀ ਨਾਦਿਆ ਤੇ ਦੋਸ਼ ਲਾਇਆ ਹੈ ਕਿ ਉਹ ਸਰਕਾਰ ਨੂੰ ਆਮਦਨ ਟੈਕਸ, ਜ਼ੁਰਮਾਨੇ ਅਤੇ ਵਿਆਜ ਵਿੱਚ ਤਕਰੀਬਨ 20 ਲੱਖ ਡਾਲਰ ਅਦਾ ਕਰਨ 'ਚ ਅਸਫਲ ਰਹੇ ਹਨ। ਇਸ ਸੰਬੰਧੀ ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਸਟੋਨ ਅਤੇ ਉਸਦੀ ਪਤਨੀ ਦਾ ਸਾਲ 2007 ਤੋਂ 2011 ਦੇ ਸਾਲਾਂ ਦੌਰਾਨ ਆਮਦਨ ਕਰ, ਜ਼ੁਰਮਾਨੇ ਅਤੇ ਵਿਆਜ ਵਿੱਚ 1,590,361.89 ਡਾਲਰ ਦਾ ਬਕਾਇਆ ਹੈ, ਅਤੇ ਸਟੋਨ ਉੱਤੇ 407,036.84 ਡਾਲਰ ਦਾ ਆਮਦਨ ਟੈਕਸ, ਜ਼ੁਰਮਾਨੇ ਅਤੇ 2018 ਟੈਕਸ ਸਾਲ ਲਈ ਵਿਆਜ ਬਾਕੀ ਹੈ। ਮੁਕੱਦਮਾ ਦਾਅਵਾ ਕਰਦਾ ਹੈ ਕਿ ਸਟੋਨ ਨੇ 2017 ਵਿੱਚ ਆਈ ਆਰ ਐਸ ਨਾਲ ਇੱਕ ਕਿਸ਼ਤ ਸਮਝੌਤਾ ਕੀਤਾ ਸੀ ਜਿਸ ਵਿੱਚ ਉਸਨੂੰ ਟੈਕਸ ਬਿੱਲਾਂ ਲਈ 19,485 ਡਾਲਰ ਪ੍ਰਤੀ ਮਹੀਨਾ ਅਦਾ ਕਰਨੇ ਪੈਂਦੇ ਸਨ। ਪਰ ਜਦੋਂ ਸਟੋਨ ਨੇ ਆਪਣੇ 2019 ਦੇ ਦੋਸ਼ੀ ਹੋਣ ਤੋਂ ਬਾਅਦ ਇੱਕ ਟਰੱਸਟ ਬਣਾਇਆ, ਤਾਂ ਸਟੋਨ ਨੇ ਟੈਕਸਾਂ ਦਾ ਕਰਜ਼ਾ ਚੁਕਾਉਣ ਵਾਲੇ ਫੰਡਾਂ ਦੀ ਵਰਤੋਂ ਕਰਦਿਆਂ ਇੱਕ ਘਰ ਖਰੀਦਿਆ।ਜਦਕਿ ਸਟੋਨ ਅਨੁਸਾਰ ਉਹ ਇਹਨਾਂ ਇਲਜ਼ਾਮਾਂ ਦਾ ਸਾਹਮਣਾ ਕਰਨਗੇ।ਨਵੰਬਰ, 2019 ਵਿੱਚ ਸਟੋਨ ਨੂੰ ਕਾਂਗਰਸ ਨਾਲ ਝੂਠ ਬੋਲਣ, ਗਵਾਹਾਂ ਨਾਲ ਛੇੜਛਾੜ ਕਰਨ ਅਤੇ ਸਾਬਕਾ ਵਿਸ਼ੇਸ਼ ਸਲਾਹਕਾਰ ਰਾਬਰਟ ਮਯੂਲਰ ਦੀ ਜਾਂਚ ਵਿੱਚ ਰੁਕਾਵਟ ਨਾਲ ਜੁੜੇ ਸੱਤ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ। ਉਸ ਨੂੰ ਸਿਰਫ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸਾਬਕਾ ਰਾਸ਼ਟਰਪਤੀ ਟਰੰਪ ਨੇ ਉਸਦੀ ਸਜਾ ਬਦਲਦੇ ਹੋਏ, ਸਟੋਨ ਨੂੰ ਪੂਰਨ ਮਾਫੀ ਦਿੱਤੀ।