← ਪਿਛੇ ਪਰਤੋ
ਫਰਿਜ਼ਨੋ ਵਿੱਚ ਹੋਈ ਗੋਲੀਬਾਰੀ ਨੇ ਲਈ ਇੱਕ ਦੀ ਜਾਨ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ), 18 ਅਪ੍ਰੈਲ 2021: ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਗੋਲੀਬਾਰੀ ਕਰਕੇ ਹੁੰਦੀਆਂ ਮੌਤਾਂ ਵਿੱਚ ਇੱਕ ਹੋਰ ਦਾ ਵਾਧਾ ਹੋਇਆ ਹੈ। ਫਰਿਜ਼ਨੋ ਕਾਉਂਟੀ 'ਚ ਸ਼ੁੱਕਰਵਾਰ ਦੀ ਸਵੇਰ ਨੂੰ ਪੱਛਮੀ ਫਰਿਜ਼ਨੋ ਦੇ ਕਸਬੇ ਪੰਜ ਪੁਆਇੰਟ ਨੇੜੇ ਤੀਹਰੀ ਗੋਲੀਬਾਰੀ ਹੋਈ ਹੈ,ਜਿਸ ਵਿੱਚ ਇਕ ਵਿਅਕਤੀ ਮਾਰਿਆ ਗਿਆ ਅਤੇ ਦੋ ਹੋਰ ਗੰਭੀਰ ਜਖਮੀ ਹੋਏ ਹਨ। ਫਰਿਜ਼ਨੋ ਪੁਲਿਸ ਨੂੰ ਸਵੇਰੇ 7:30 ਵਜੇ ਦੇ ਕਰੀਬ ਇਸ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਅਧਿਕਾਰੀਆਂ ਦੁਆਰਾ ਦੱਖਣ ਅਤੇ ਵੈਸਟ ਚੈਂਡਲਰ ਐਵੇਨਿਊਜ਼ ਨੇੜੇ ਇੱਕ ਵਾਈਨਯਾਰਡ ਵਿੱਚ ਕਾਰਵਾਈ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਦੋ ਹੋਰ ਵਿਅਕਤੀਆਂ ਤੇ ਗੋਲੀਬਾਰੀ ਦੇ ਕਈ ਜ਼ਖਮ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਗੋਲੀਬਾਰੀ ਦੇ ਦੋ ਸ਼ੱਕੀ ਵਿਅਕਤੀ ਜੋ ਇੱਕ ਕਾਰ ਵਿੱਚ ਘਟਨਾ ਸਥਾਨ ਤੋਂ ਭੱਜ ਗਏ ਸਨ,ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਗੋਲੀਬਾਰੀ ਸ਼ੁਰੂ ਹੋਣ 'ਤੇ ਪੀੜਤ ਅਤੇ ਸ਼ੱਕੀ ਵਿਅਕਤੀ ਅੰਗੂਰ ਦੀਆਂ ਵੇਲਾਂ ਦੀ ਛਾਂਟੀ ਕਰਦੇ ਹੋਏ ਇਕੱਠੇ ਕੰਮ ਕਰ ਰਹੇ ਸਨ। ਜਦਕਿ ਪੁਲਿਸ ਦੁਆਰਾ ਗੋਲੀਬਾਰੀ ਦਾ ਉਦੇਸ਼ ਨਿਰਧਾਰਤ ਨਹੀਂ ਕੀਤਾ ਗਿਆ ਹੈ। ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਖੇਤ ਦੇ ਹੋਰ ਕਾਮਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
Total Responses : 193