← ਪਿਛੇ ਪਰਤੋ
ਅਮਰੀਕਾ 'ਚ ਦੋ ਟ੍ਰਾਂਸਜੈਂਡਰ ਔਰਤਾਂ ਦੇ ਕਤਲ 'ਚ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ), 18 ਅਪ੍ਰੈਲ 2021: ਅਮਰੀਕਾ ਦੇ ਸ਼ਾਰਲੋਟ(ਉੱਤਰੀ ਕੈਰੋਲਿਨਾ) ਵਿੱਚ ਪੁਲਿਸ ਨੇ ਸ਼ੁੱਕਰਵਾਰ ਨੂੰ ਦੋ ਟ੍ਰਾਂਸਜੈਂਡਰ ਔਰਤਾਂ ਦੇ ਕਤਲ ਦੇ ਸੰਬੰਧ ਵਿੱਚ ਦੋ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਮਾਮਲੇ ਬਾਰੇ ਪੁਲਿਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਡੋਂਟਾਰੀਅਸ ਲੋਂਗ ਅਤੇ ਜੋਅਲ ਬ੍ਰੇਵਰ ਨਾਮ ਦੇ ਵਿਅਕਤੀਆਂ ਉੱਤੇ ਕਤਲ, ਖ਼ਤਰਨਾਕ ਹਥਿਆਰ ਨਾਲ ਲੁੱਟ ਦੀ ਸਾਜ਼ਿਸ਼ ਦੇ ਨਾਲ-ਨਾਲ ਔਰਤਾਂ ਦੀ ਮੌਤ ਆਦਿ ਲਈ ਦੋਸ਼ ਲਗਾਏ ਗਏ ਹਨ। ਇਸ ਹੱਤਿਆਕਾਂਡ ਦੀਆਂ ਪੀੜਤਾਂ ਵਿੱਚੋਂ ਇੱਕ ਜੈਦਾ ਪੀਟਰਸਨ ਨੂੰ ਈਸਟਰ ਐਤਵਾਰ ਨੂੰ ਹਵਾਈ ਅੱਡੇ ਨੇੜੇ ਕੁਆਲਟੀ ਇਨ ਵਿਖੇ ਗੋਲੀ ਮਾਰ ਦਿੱਤੀ ਗਈ ਸੀ। ਇਸ ਦੇ ਗਿਆਰ੍ਹਾਂ ਦਿਨਾਂ ਬਾਅਦ, ਰੇਮੀ ਫੇਨਲ ਨੂੰ ਵੀ ਯੂਨੀਵਰਸਿਟੀ ਸਿਟੀ ਦੇ ਸਲੀਪ ਇਨ ਵਿੱਚ ਗੋਲੀ ਮਾਰੀ ਗਈ ਸੀ। ਪੁਲਿਸ ਬੁਲਾਰੇ ਰੌਬ ਤੁਫਾਨੋ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋਵੇਂ ਔਰਤਾਂ ਟ੍ਰਾਂਸਜੈਂਡਰ ਅਤੇ ਸੈਕਸ ਵਰਕਰ ਸਨ। ਇਸ ਮਾਮਲੇ ਵਿੱਚ ਸੱਕੀ ਇਹ ਦੋਵੇਂ ਆਦਮੀ ਹੋਟਲ ਪਹੁੰਚੇ ਅਤੇ ਇਕੱਠੇ ਹੋਟਲ ਛੱਡ ਗਏ ਸਨ।ਸ਼ਾਰਲੋਟ ਪੁਲਿਸ ਅਜੇ ਵੀ ਹਮਲਿਆਂ ਦੇ ਉਦੇਸ਼ ਦੀ ਭਾਲ ਕਰ ਰਹੀ ਹੈ ਪਰ ਇਸ ਕਤਲੇਆਮ ਨੂੰ ਨਫ਼ਰਤ ਦੇ ਜੁਰਮ ਵਜੋਂ ਨਹੀਂ ਠਹਿਰਾਇਆ ਹੈ। ਇਸ ਸੰਬੰਧੀ ਸਥਾਨਕ ਵਾਇਓਲੈਂਟ ਕ੍ਰਾਈਮ ਯੂਨਿਟ ਦੇ ਸੁਪਰਵਾਈਜ਼ਰ ਬ੍ਰਾਇਨ ਕ੍ਰਮ ਨੇ ਕਿਹਾ ਕਿ ਜਾਂਚਕਰਤਾ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਲੋਂਗ ਅਤੇ ਬ੍ਰੇਵਰ ਇੱਕ ਦੂਜੇ ਨੂੰ ਕਿਵੇਂ ਜਾਣਦੇ ਸਨ। ਮਨੁੱਖੀ ਅਧਿਕਾਰ ਮੁਹਿੰਮ ਦੇ ਅਨੁਸਾਰ 2021 ਵਿੱਚ ਘੱਟੋ ਘੱਟ 15 ਟ੍ਰਾਂਸਜੈਂਡਰ ਲੋਕਾਂ ਦੀ ਹਿੰਸਕ ਢੰਗ ਨਾਲ ਹੱਤਿਆ ਕੀਤੀ ਗਈ ਹੈ।
Total Responses : 267