ਹਰਦਮ ਮਾਨ
ਸਰੀ, 19 ਅਪ੍ਰੈਲ 2021- ਬ੍ਰਿਟਿਸ਼ ਕੋਲੰਬੀਆ ਵਿਚ ਕੋਵਿਡ-19 ਵੈਕਸੀਨੇਸ਼ਨ ਯੋਜਨਾ ਅਧੀਨ ਉਲੀਕੇ ਗਏ ਪ੍ਰੋਗਰਾਮ ਅਨੁਸਾਰ 18 ਤੋਂ 34 ਦੇ ਵਿਚਕਾਰ ਦੇ ਲੋਕਾਂ ਨੂੰ ਜੂਨ ਵਿੱਚ ਕਿਸੇ ਸਮੇਂ ਵੀ ਪਹਿਲਾ ਟੀਕਾ ਲੱਗ ਸਕਦਾ ਹੈ ਅਤੇ ਅਗਲੇ ਹਫ਼ਤੇ ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਵੀ ਕੋਵਿਡ -19 ਵੈਕਸੀਨ ਲੈਣ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਣਗੇ।
ਅੱਜ ਬੀ.ਸੀ. ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਪ੍ਰੋਗਰਾਮ ਅਧੀਨ ਸੋਮਵਾਰ ਨੂੰ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਗਿਆ ਹੈ ਅਤੇ ਮੰਗਲਵਾਰ ਨੂੰ 35 ਜਾਂ ਇਸ ਤੋਂ ਵੱਧ ਉਮਰ ਵਾਲੇ ਲੋਕ ਰਜਿਸਟਰ ਕਰ ਸਕਣਗੇ, ਬੁੱਧਵਾਰ ਨੂੰ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ, ਵੀਰਵਾਰ 25 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਅਤੇ ਸ਼ੁੱਕਰਵਾਰ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਵੈਕਸੀਨ ਹਾਸਲ ਕਰਨ ਲਈ ਰਜਿਸਟ੍ਰੇਸ਼ਨ ਕਰਵਾ ਸਕਣਗੇ।
ਸਿਹਤ ਅਧਿਕਾਰੀਆਂ ਅਨੁਸਾਰ ਤਕਨੀਕੀ ਤੌਰ 'ਤੇ ਤਾਂ ਹੁਣ ਕੋਈ ਵੀ ਵੈਕਸੀਨ ਲਈ ਰਜਿਸਟਰ ਕਰ ਸਕਦਾ ਹੈ, ਪਰ ਸਿਸਟਮ ਨੂੰ ਓਵਰਲੋਡਿੰਗ ਤੋਂ ਬਚਾਉਣ ਲਈ ਲੋਕਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਉਡੀਕ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਹਿਲਾ ਕਦਮ ਹੈ ਅਤੇ ਅਪੁਆਇੰਟਮੈਂਟ ਬੁੱਕ ਕਰਵਾਉਣ ਬਾਰੇ ਬਾਅਦ ਵਿਚ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਤੱਕ ਬੀ.ਸੀ. ਵਿਚ 12 ਲੱਖ ਲੋਕ ਵੈਕਸੀਨ ਦੀ ਪਹਿਲੀ ਡੋਜ਼ ਹਾਸਲ ਕਰ ਚੁੱਕੇ ਹਨ।