ਮੁਲਾਜ਼ਮਾਂ ਨੇ ਮੀਟਿੰਗ ਦੌਰਾਨ ਘੜੀਆਂ ਰਣਨੀਤੀਆਂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ 2021-ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ। ਇਸੇ ਸਿਲਸਿਲੇ ਵਿਚ ਅੱਜ ਐੱਨ.ਐੱਚ.ਐੱਮ.ਦੀਆਂ ਸਮੂਹ ਮੁਲਾਜ਼ਮ ਜੱਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ, ਜਿਸ ਵਿਚ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿਚ ਕੁੱਝ ਮੁੱਦਿਆਂ ’ਤੇ ਸਹਿਮਤੀ ਬਣਨ ਦੇ ਬਾਵਜੂਦ ਅੱਜ ਤੱਕ ਵਿਭਾਗ ਵੱਲੋਂ ਕੋਈ ਮੰਗ ਪ੍ਰਵਾਨ ਹੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਸੂਬਾ ਸਰਕਾਰ ਅਤੇ ਵਿਭਾਗ ਦੇ ਸਬੰਧਿਤ ਅਧਿਕਾਰੀ ਮੁਲਾਜ਼ਮਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ।
ਇਸ ਮੌਕੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਅਧੀਨ 80 ਪ੍ਰਤੀਸ਼ਤ ਮਹਿਲਾ ਮੁਲਾਜ਼ਮਾਂ ਕੰਮ ਕਰ ਰਹੀਆਂ ਹਨ। ਇਸ ਮਹਾਮਾਰੀ ਦੌਰਾਨ ਸਰਕਾਰ ਦੀਆਂ ਗਲਤ ਪਾਲਿਸੀਆਂ ਕਾਰਣ ਇੰਨਾਂ ਦੇ ਬੱਚੇ-ਪਰਿਵਾਰ ਪੂਰੀ ਤਰ੍ਹਾਂ ਰੁੱਲ ਗਏ ਹਨ। ਹੁਣ ਤੱਕ 500 ਤੋਂ ਵੱਧ ਮੁਲਾਜ਼ਮਾਂ ਨੂੰ ਕੋਰੋਨਾ ਹੋ ਚੁੱਕਾ ਹੈ ਅਤੇ ਕਈ ਮੁਲਾਜ਼ਮਾਂ ਦੀਆਂ ਮੌਤਾਂ ਵੀ ਹੋ ਗਈਆਂ ਹਨ, ਪਰ ਇਸ ਸਭ ਦੇ ਬਾਵਜੂਦ ਸਰਕਾਰ ਸੁੱਤੀ ਪਈ ਹੈ। ਡਾ. ਇੰਦਰਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਸੁੱਤੀ ਸਰਕਾਰ ਨੂੰ ਜਗਾਉਂਣ ਲਈ ਵੱਡੇ ਹੰਗਾਮੇ ਦੀ ਲੋੜ ਹੈ, ਇਸ ਲਈ ਸਮੂਹ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਚੇਤਾਵਨੀ ਦੇ ਤੌਰ ’ਤੇ 27 ਅਪ੍ਰੈਲ ਨੂੰ ਮੁਕੰਮਲ ਕੰਮ ਬੰਦ ਕਰਕੇ ਜ਼ਿਲੇ ਪੱਧਰ ’ਤੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ-ਸਿਆਪਾ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਤੇ ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ, ਐਨ.ਐਚ.ਐਮ. ਇੰਪਲਾਈਜ਼ ਯੂਨੀਅਨ, ਨਰਸਿਜ਼ ਇੰਪਲਾਈਜ਼ ਐਸੋਸੀਏਸ਼ਨ ਪੰਜਾਬ, ਕੰਟਰੈਕਚੁਅਲ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ, ਆਯੂਸ਼ਮਾਨ ਪੰਜਾਬ, ਆਰ.ਬੀ.ਐਸ.ਕੇ. ਇੰਪਲਾਈਜ਼ ਐਸੋਸੀਏਸ਼ਨ, ਆਰ.ਐਨ.ਟੀ.ਸੀ.ਪੀ. ਕੰਟਰੈਕਚੁਅਲ ਇੰਪਲਾਈਜ਼ ਯੂਨੀਅਨ, ਸਾਂਝਾ ਮੋਰਚਾ ਲੈਬ ਟੈਕਨੀਸ਼ੀਅਨ ਯੂਨੀਅਨ, ਕਮਿਊਨਿਟੀ ਹੈਲਥ ਐਸੋਸੀਏਸ਼ਨ, ਸੂਬਾ ਕਮੇਟੀ ਮੈਂਬਰ ਦੇ ਜਸਵਿੰਦਰ ਕੌਰ, ਮਨਿੰਦਰ ਸਿੰਘ, ਅਰੁਣ ਦੱਤ, ਕਿਰਣਜੀਤ ਕੌਰ, ਰਮਨਜੀਤ ਕੌਰ, ਹਰਪਾਲ ਸੋਢੀ, ਮਨਪ੍ਰੀਤ ਸਿੰਘ, ਕਮਲਜੀਤ ਕੌਰ, ਡਾ. ਸੁਮਿਤ ਸੈਣੀ, ਹਰਜਿੰਦਰ ਸਿੰਘ ਆਦਿ ਮੌਜੂਦ ਸਨ।