ਬਿੰਟਾ ਅਰੋੜਾ ਬਣੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ
ਰਾਜਵੰਤ ਸਿੰਘ
ਗਿੱਦੜਬਾਹਾ, 19 ਅਪ੍ਰੈਲ 2021-ਇੱਥੋਂ ਦੇ ਵਾਰਡ ਨੰਬਰ 18 ਦੇ ਕੌਂਸਲਰ ਨਰਿੰਦਰ ਮੁੰਜਾਲ (ਬਿੰਟਾ) ਅਰੋੜਾ ਨੂੰ ਸਰਬਸੰਮਤੀ ਦੇ ਨਾਲ ਨਗਰ ਕੌਂਸਲ ਗਿੱਦੜਬਾਹਾ ਦਾ ਪ੍ਰਧਾਨ ਚੁਣ ਲਿਆ ਗਿਆ ਹੈ, ਜਦੋਂਕਿ ਹੋਰ ਨਿਯੁਕਤੀਆਂ ਤਹਿਤ ਅਨੂੰ ਬਾਲਾ (ਧਰਮਪਤਨੀ ਬਿੱਟੂ ਸੱਚਦੇਵਾ) ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਲੱਖਾ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿਗ, ਐਸ.ਡੀ.ਐਮ. ਓਮ ਪ੍ਰਕਾਸ਼, ਡੀ.ਐਸ.ਪੀ. ਨਰਿੰਦਰ ਸਿੰਘ ਅਤੇ ਕਾਰਜ ਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ ਸਮੇਤ ਸਾਰੇ ਨਗਰ ਕੌਂਸਲਰਾਂ ਦੀ ਮੌਜੂਦਗੀ ਵਿੱਚ ਕੀਤੀ ਗਈ।
ਇਸ ਮੌਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਕੌਂਸਲਰ ਨਰਿੰਦਰ ਸਿੰਘ ਭੋਲਾ ਨੂੰ ਪ੍ਰਧਾਨਗੀ ਦੀ ਪੇਸ਼ਕਸ਼ ਕੀਤੀ ਸੀ, ਲੇਕਿਨ ਉਹ ਕਿਸੇ ਮਜਬੂਰੀ ਕਾਰਨ ਜਵਾਬ ਦੇ ਗਏ, ਹੋ ਸਕਦਾ ਹੈ ਉਨ੍ਹਾਂ ਦੀ ਕੋਈ ਮਜਬੂਰੀ ਹੋਵੇਗੀ, ਜਿਸ ਕਰਕੇ ਅੱਜ ਬਿੰਟਾ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ। ਇਸ ਮੌਕੇ ਬਿੰਟਾ ਦੇ ਪ੍ਰਧਾਨ ਬਨਣ ਦੀ ਖੁਸ਼ੀੇ ਵਿੱਚ ਉਨ੍ਹਾਂ ਦੇ ਸਮਰਥਕਾਂ ਵਲੋਂ ਢੋਲ ਦੀ ਥਾਪ ’ਤੇ ਭੰਗੜੇ ਪਾਏ ਗਏ ਅਤੇ ਵਧਾਈਆਂ ਦਿੱਤੀਆਂ ਗਈਆਂ।
ਵਰਨਣਯੋਗ ਹੈ ਕਿ ਕਰੀਬ 50 ਵਰ੍ਹਿਆਂ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ 19 ਵਾਰਡਾਂ ਦੇ ਵਿੱਚੋਂ 18 ਵਾਰਡਾਂ ’ਤੇ ਜਿੱਤ ਪ੍ਰਾਪਤ ਕਰਕੇ ਗਿੱਦੜਬਾਹਾ ਨਗਰ ਕੌਂਸਲ ’ਤੇ ਪਹਿਲੀ ਵਾਰੀ ਕਾਬਜ਼ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਹੀ ਨਗਰ ਕੌਂਸਲ ਗਿੱਦੜਬਾਹਾ ’ਤੇ ਕਬਜ਼ਾ ਕਰਦਾ ਰਿਹਾ ਹੈ। ਹਾਲਾਂਕਿ ਇੱਕ ਵਾਰੀ ਸੰਨ 2003 ਵਿੱਚ ਕੁਲਵੰਤ ਸਿੰਘ ਮਾਨ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਬਣਾਏ ਗਏ ਸਨ, ਲੇਕਿਨ ਉਹ ਸਾਬਕਾ ਕਾਂਗਰਸੀ ਵਿਧਾਇਕ ਰਘਬੀਰ ਸਿੰਘ ਦੀ ਅਗਵਾਈ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਜਿੱਤੇ ਸਨ, ਹਾਲਾਂਕਿ ਕੁਲਵੰਤ ਸਿੰਘ ਮਾਨ ਦਾ ਪਿਛੋਕੜ ਕਾਂਗਰਸੀ ਹਨ, ਲੇਕਿਨ ਉਸ ਸਮਂੇ ਆਜ਼ਾਦ ਉਮੀਦਵਾਰਾਂ ਨੂੰ ਹੀ ਚੋਣ ਜਿੱਤ ਕੇ ਬਹੁਮਤ ਪ੍ਰਾਪਤ ਹੋਇਆ ਸੀ, ਕਿਉਂਕਿ ਉਸ ਸਮੇਂ ਸਾਬਕਾ ਕਾਂਗਰਸੀ ਵਿਧਾਇਕ ਰਘਬੀਰ ਸਿੰਘ ਦਾ ਕਾਂਗਰਸ ਹਾਈਕਮਾਨ ਦੇ ਨਾਲ 36 ਦਾ ਆਂਕੜਾ ਸੀ।