ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ 2021-ਜ਼ਿਲ੍ਹਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਤੇ ਹੈਰੋਇਨ ਬਰਾਮਦਗੀ ਤਹਿਤ ਅੱਜ ਵੱਖ-ਵੱਖ ਥਾਣਿਆਂ ’ਚ ਕੁੱਲ ਚਾਰ ਮਾਮਲੇ ਦਰਜ ਕੀਤੇ ਗਏ ਹਨ, ਜਿੰਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਦੋਂਕਿ ਇੱਕ ਅਜੇ ਵੀ ਫ਼ਰਾਰ ਹੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ’ਚ ਫੜ੍ਹੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਜਿੰਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
-ਥਾਣਾ ਸਿਟੀ ਮਲੋਟ ਪੁਲਿਸ ਵੱਲੋਂ ਸ਼ਹਿਰ ਦੇ ਸੂਰਜਾ ਵਾਲਾ ਰੇਲਵੇ ਫਾਟਕ ਕੋਲ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਨਜਾਇਜ਼ ਸਰਾਬ ਦੀਆਂ ਸਵਾ 8 ਬੋਤਲਾਂ ਸਮੇਤ ਕਾਬੂ ਕੀਤਾ ਗਿਆ ਹੈ। ਕਥਿਤ ਦੋਸ਼ੀ ਦੀ ਪਛਾਣ ਮਦਨ ਲਾਲ ਵਾਸੀ ਵਾਰਡ ਨੰਬਰ 16, ਗਲੀ ਨੰਬਰ 8, ਸ੍ਰੀ ਚੰਦ ਨਗਰ ਮਲੋਟ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
-ਕਬਰਵਾਲਾ ਪੁਲਿਸ ਟੀਮ ਨੇ ਪਿੰਡ ਰਾਣੀਵਾਲਾ ਵਿਖੇ ਗਸ਼ਤ ਦੌਰਾਨ ਇਸੇ ਪਿੰਡ ਦੇ ਰਹਿਣ ਵਾਲੇ ਹਰਜੀਤ ਸਿੰਘ ਨੂੰ ਨਜਾਇਜ਼ ਸ਼ਰਾਬ ਦੀਆਂ ਸਵਾ 9 ਬੋਤਲਾਂ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਉਸਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ।
-ਥਾਣਾ ਕੋਟਭਾਈ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ’ਤੇ ਇਸੇ ਪਿੰਡ ਦੇ ਰਹਿਣ ਵਾਲੇ ਨਛੱਤਰ ਸਿੰਘ ਦੇ ਘਰ ਰੇਡ ਕੀਤੀ ਸੀ, ਜਿਸਦੇ ਘਰੋਂ 50 ਲੀਟਰ ਨਜਾਇਜ਼ ਸ਼ਰਾਬ ਮਿਲੀ, ਜਦੋਂਕਿ ਤਸਕਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਘਰੋਂ ਫਰਾਰ ਹੋ ਚੁੱਕਾ ਸੀ। ਪੁਲਿਸ ਨੇ ਸ਼ਰਾਬ ਆਪਣੇ ਕਬਜ਼ੇ ਵਿੱਚ ਲੈ ਕੇ ਕਥਿਤ ਦੋਸ਼ੀ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
-ਲੰਬੀ ਪੁਲਿਸ ਨੇ ਇੱਕ ਬੁਲੇਟ ਸਵਾਰ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਫੜ੍ਹਿਆ ਹੈ। ਨੌਜਵਾਨ ਦੀ ਪਛਾਣ ਵੀਰ ਚੰਦ ਵਾਸੀ ਮੰਡੀ ਕਿੱਲਿਆਂਵਾਲੀ ਵਜੋਂ ਹੋਈ ਹੈ, ਜਿਸ ਖਿਲ਼ਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।