ਸੁਨੀਲ ਕੁਮਾਰ ਸਰੀਨ ਸੀਨੀਅਰ ਡਿਪਟੀ ਮੇਅਰ ਅਤੇ ਚੰਦਰ ਕਾਂਤਾ ਬਣੀ ਡਿਪਟੀ ਮੇਅਰ
ਕੈਬਨਿਟ ਮੰਤਰੀ ਤਿ੍ਰਪਤ ਬਾਜਵਾ ਅਤੇ ਸਰਕਾਰੀਆ ਵੱਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ
ਬਟਾਲਾ, 19 ਅਪ੍ਰੈਲ 2021-ਸੁਖਦੀਪ ਸਿੰਘ ਤੇਜਾ ਨਗਰ ਨਿਗਮ ਬਟਾਲਾ ਦੇ ਪਹਿਲੇ ਮੇਅਰ ਚੁਣੇ ਗਏ ਹਨ। ਕੌਂਸਲਰਾਂ ਵੱਲੋਂ ਸਰਬਸੰਮਤੀ ਕੀਤੀ ਗਈ ਚੋਣ ਦੌਰਾਨ ਸੁਨੀਲ ਕੁਮਾਰ ਸ਼ਰੀਨ ਨੂੰ ਸੀਨੀਅਰ ਡਿਪਟੀ ਮੇਅਰ, ਜਦੋਂਕਿ ਚੰਦਰ ਕਾਂਤਾ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਨਗਰ ਨਿਗਮ ਬਟਾਲਾ ਦੇ ਹਾਊਸ ਦੀ ਪਹਿਲੀ ਮੀਟਿੰਗ, ਜਿਸ ਵਿੱਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਗੁਰਪ੍ਰੀਤ ਕੌਰ ਆਈ.ਏ.ਐੱਸ ਨੇ ਚੁਣੇ ਹੋਏ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ। ਇਸ ਮੌਕੇ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਏ.ਡੀ.ਸੀ. ਜਨਰਲ ਰਾਹੁਲ ਆਈ.ਏ.ਐੱਸ. ਅਤੇ ਕਮਿਸ਼ਨਰ ਨਗਰ ਨਿਗਮ ਬਟਾਲਾ ਬਲਵਿੰਦਰ ਸਿੰਘ ਵੀ ਮੌਜੂਦ ਸਨ।
ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਕਾਰਵਾਈ ਅਰੰਭ ਕੀਤੀ ਗਈ। ਸਭ ਤੋਂ ਪਹਿਲਾਂ ਵਾਰਡ ਨੰਬਰ 32 ਦੇ ਕੌਂਸਲਰ ਅਨਿਲ ਕੁਮਾਰ ਨੇ ਸੁਖਦੀਪ ਸਿੰਘ ਤੇਜਾ ਵਾਰਡ ਨੰਬਰ 30 ਦਾ ਨਾਮ ਮੇਅਰ ਦੇ ਅਹੁਦੇ ਲਈ ਪੇਸ਼ ਕੀਤਾ ਅਤੇ ਇਸ ਦੀ ਤਾਈਦ ਵਾਰਡ ਨੰਬਰ 33 ਦੀ ਕੌਂਸਲਰ ਮੋਨਿਕਾ ਸੇਖੜੀ ਨੇ ਕੀਤੀ। ਇਸ ਤੋਂ ਬਾਅਦ ਹਾਊਸ ਦੇ ਸਾਰੇ ਮੈਂਬਰਾਂ ਨੇ ਸੁਖਦੀਪ ਸਿੰਘ ਤੇਜਾ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ।
ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੀ ਚੋਣ ਲਈ ਵਾਰਡ ਨੰਬਰ 38 ਦੇ ਕੌਂਸਲਰ ਹਰਿੰਦਰ ਸਿੰਘ ਨੇ ਵਾਰਡ ਨੰਬਰ 42 ਦੇ ਕੌਂਸਲਰ ਸੁਨੀਲ ਕੁਮਾਰ ਸਰੀਨ ਦਾ ਨਾਮ ਪਰਪੋਜ ਕੀਤਾ ਅਤੇ ਵਾਰਡ ਨੰਬਰ 26 ਦੇ ਕੌਂਸਲਰ ਹਰਨੇਕ ਸਿੰਘ ਨੇਕੀ ਨੇ ਇਸ ਨਾਮ ਦੀ ਤਾਈਦ ਕੀਤੀ। ਇਸ ਤੋਂ ਬਾਅਦ ਸਾਰੇ ਹਾਊਸ ਨੇ ਸਰਬਸੰਮਤੀ ਨਾਲ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਸੁਨੀਲ ਕੁਮਾਰ ਸਰੀਨ ਦੇ ਨਾਮ ਉੱਪਰ ਮੋਹਰ ਲਗਾ ਦਿੱਤੀ। ਇਸੇ ਤਰ੍ਹਾਂ ਡਿਪਟੀ ਮੇਅਰ ਲਈ ਚੰਦਰ ਕਾਂਤਾ ਦੀ ਨਿਯੁਕਤੀ ਕੀਤੀ ਗਈ ਹੈ
ਸਹੁੰ ਚੁੱਕ ਸਮਾਗਮ ਦੌਰਾਨ ਜਲੰਧਰ ਡਵੀਜ਼ਨ ਦੀ ਕਮਿਸ਼ਨਰ ਗੁਰਪ੍ਰੀਤ ਕੌਰ ਨੇ ਤਿੰਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਆਪਣੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਨੇ ਨਵੇਂ ਚੁਣੇ ਅਹੁਦੇਦਾਰਾਂ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਵਾਂ ਹਾਊਸ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਵੇਗਾ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਨਵੇਂ ਚੁਣੇ ਮੇਅਰ ਸੁਖਦੀਪ ਸਿੰਘ ਤੇਜਾ, ਸੀਨੀਅਰ ਡਿਪਟੀ ਮੇਅਰ ਸੁਨੀਲ ਕੁਮਾਰ ਸਰੀਨ ਅਤੇ ਡਿਪਟੀ ਮੇਅਰ ਚੰਦਰ ਕਾਂਤਾ ਨੂੰ ਵਧਾਈ ਦਿੱਤੀ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਸੀਟਾਂ ’ਤੇ ਬੈਠਾਇਆ। ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਨਗਰ ਨਿਗਮ ਬਟਾਲਾ ਦਾ ਨਵਾਂ ਚੁਣਿਆ ਹਾਊਸ ਸ਼ਹਿਰ ਦੇ ਵਿਕਾਸ ਨੂੰ ਨਵੀਂਆਂ ਉਚਾਈਆਂ ’ਤੇ ਲੈ ਕੇ ਜਾਵੇਗਾ।
ਇਸ ਮੌਕੇ ਨਵੇਂ ਚੁਣੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਸਮੁੱਚੇ ਹਾਊਸ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਬਟਾਲਾ ਸ਼ਹਿਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਅਤੇ ਸ਼ਹਿਰ ਦੇ ਜੋ ਵੀ ਬਕਾਇਆ ਵਿਕਾਸ ਕਾਰਜ ਹਨ, ਉਨ੍ਹਾਂ ਨੂੰ ਬਾਜਵਾ ਦੀ ਰਹਿਨੁਮਾਈ ਹੇਠ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਅਤੇ ਹੋਰ ਅਧਿਕਾਰੀ, ਸ਼ਹਿਰ ਦੇ ਪਤਵੰਤੇ ਵੀ ਨਗਰ ਨਿਗਮ ਦਫ਼ਤਰ ਵਿੱਚ ਹਾਜ਼ਰ ਸਨ।