ਰਾਜਵੰਤ ਸਿੰਘ
ਮਲੋਟ, 19 ਅਪ੍ਰੈਲ 2021-ਪਿਛਲੇ ਸਾਲ ਕੋਰੋਨਾਕਾਲ ਦੌਰਾਨ ਲੱਗੇ ਲਾਕਡਾਊਨ ਵਿੱਚ ਘਰ ਬੈਠਿਆਂ ਨੂੰ ਨੌਕਰੀ ਮੁਹੱਈਆ ਕਰਾਉਣ ਦੇ ਨਾਂਅ ’ਤੇ 30 ਨੌਜਵਾਨਾਂ ਦੇ ਪੈਸੇ ਹੜੱਪਣ ਵਾਲੀ ਕੰਪਨੀ ਦੀਆਂ ਦੋ ਮਹਿਲਾ ਮਾਲਕਾਂ ਵਿਰੁੱਧ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਵਾਸੀ ਗੁਰੂ ਨਾਨਕ ਨਗਰ ਮਲੋਟ ਨੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਸਮੇਂ ਵਿੱਚ ਰੁਜ਼ਗਾਰ ਲਈ ਉਸਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸਥਾਪਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਨੌਕਰੀ ਲਈ ਅਰਜ਼ੀ ਦਿੱਤੀ ਸੀ, ਜਿੰਨਾਂ ਰਾਹੀਂ ਉਸਦਾ ਸੰਪਰਕ ਗੀਤ ਗਿਆਨ ਇੰਟਰਪ੍ਰਾਈਜ਼ ਮੋਹਾਲੀ ਨਾਲ ਹੋਇਆ ਅਤੇ ਉਸਨੂੰ ਘਰ ਬੈਠ ਕੇ ਕੰਮ ਕਰਨ ਲਈ ਟੈਲੀ ਕਾਲਰ ਦੀ ਨੌਕਰੀ ਦੇ ਦਿੱਤੀ ਗਈ।
ਉਸਨੂੰ ਕੰਪਨੀ ਵੱਲੋਂ ਮਿਲੇ ਪੱਤਰ ਅਨੁਸਾਰ ਉਸਨੇ 30 ਹੋਰ ਨੌਜਵਾਨਾਂ ਤੋਂ ਰੁਜ਼ਗਾਰ ਦਿਵਾਉਣ ਲਈ ਔਸਤਨ 6 ਹਜ਼ਾਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 1 ਲੱਖ 58 ਹਜ਼ਾਰ ਰੁਪਏ ਇਕੱਠੇ ਕਰਕੇ ਕੰਪਨੀ ਨੂੰ ਜਮ੍ਹਾਂ ਕਰਾ ਦਿੱਤੇ। ਉਕਤ ਕੰਪਨੀ ਦੀਆਂ ਮਾਲਕ ਨੈਨਸੀ ਅਤੇ ਗੀਤਾ ਨੇ ਉਸਨੂੰ ਭਰੋਸਾ ਦਿੱਤਾ ਸੀ ਕਿ ਇਹ ਪੈਸੇ 30 ਮਾਰਚ 2021 ਤੱਕ ਸਾਰੇ ਪ੍ਰਾਰਥੀਆਂ ਨੂੰ ਵਾਪਸ ਕਰ ਦਿੱਤੇ ਜਾਣਗੇ, ਪਰ ਅਜੇ ਤੱਕ ਕਿਸੇ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ। ਇਸ ਸ਼ਿਕਾਇਤ ’ਤੇ ਏਡੀਸੀ ਸ੍ਰੀ ਮੁਕਤਸਰ ਸਾਹਿਬ ਨੇ ਵੀ ਪੜਤਾਲ ਕੀਤੀ ਅਤੇ ਕਾਰਵਾਈ ਦੇ ਆਦੇਸ਼ ਦਿੱਤੇ, ਜਿਸ ’ਤੇ ਸਿਟੀ ਮਲੋਟ ਪੁਲਿਸ ਨੇ ਉਕਤ ਦੋਨਾਂ ਔਰਤਾਂ ਗੀਤਾ ਅਤੇ ਨੈਨਸੀ ਖ਼ਿਲਾਫ਼ ਮੁਕੱਦਮਾ ਨੰਬਰ 70 ਮਿਤੀ ਅਧੀਨ ਆਈਪੀਸੀ ਦੀ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਅੱਗੇ ਦੀ ਕਾਰਵਾਈ ਕਰ ਰਹੀ ਹੈ।