ਲੁਧਿਆਣਾ, 19 ਅਪ੍ਰੈਲ 2021 - ਲੁਧਿਆਣਾ ਚ ਵਧ ਰਹੇ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਸਖ਼ਤ ਫੈਸਲੇ ਲਏ ਜਾ ਰਹੇ ਨੇ । ਤਾਜ਼ਾ ਹੁਕਮਾਂ ਦੇ ਵਿੱਚ ਹੁਣ ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਵੱਲੋਂ ਜ਼ਿਲ੍ਹੇ ਅੰਦਰ ਚਲਦੇ ਸਾਰੇ ਆਈਲੈੱਟਸ ਸੈਂਟਰ ਤੇ ਟਿਊਸ਼ਨ ਸੈਂਟਰਾਂ ਨੂੰ 30 ਅਪਰੈਲ ਤੱਕ ਮੁਕੰਮਲ ਤੌਰ ਤੇ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ।
ਲਿਖਤੀ ਨਿਰਦੇਸ਼ਾਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਹੀ ਵਿੱਦਿਅਕ ਅਦਾਰੇ 30 ਅਪ੍ਰੈਲ ਤਕ ਬੰਦ ਕੀਤੇ ਗਏ ਨੇ ਪਰ ਕੁਝ ਆਈਲੈੱਟਸ ਅਤੇ ਟਿਊਸ਼ਨ ਸੈਂਟਰਾਂ ਵੱਲੋਂ ਵਿਦਿਆਰਥੀਆਂ ਨੂੰ ਬੁਲਾਇਆ ਜਾ ਰਿਹਾ ਹੈ ਲਿਹਾਜ਼ਾ ਲੁਧਿਆਣਾ ਜ਼ਿਲ੍ਹੇ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਇਹ ਸਾਰੇ ਸੈਂਟਰ ਹੁਣ 30 ਅਪ੍ਰੈਲ ਤੱਕ ਬੰਦ ਰੱਖੇ ਜਾਣਗੇ ।
ਡੀਸੀ ਵੱਲੋਂ ਇਨ੍ਹਾਂ ਸਾਰੇ ਸੈਂਟਰਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਵਿਦਿਆਰਥੀਆਂ ਦੀਆਂ ਕਲਾਸਾਂ ਲਗਾਉਣ ਦੀ ਛੋਟ ਦਿੱਤੀ ਗਈ ਹੈ ।ਲੁਧਿਆਣਾ ਦੇ ਡੀਸੀ ਵਰਿੰਦਰ ਸ਼ਰਮਾ ਨੇ ਸਖ਼ਤੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਜਿਹੜਾ ਵੀ ਇਨ੍ਹਾਂ ਹੁਕਮਾਂ ਦੀ ਅਦੂਲੀ ਕਰੇਗਾ ਉਸ ਨਾਲ ਕਾਨੂੰਨੀ ਤੌਰ 'ਤੇ ਨਜਿੱਠਿਆ ਜਾਵੇਗਾ।