ਅਸ਼ੋਕ ਵਰਮਾ
ਬਠਿੰਡਾ,19ਅਪਰੈਲ 2021:ਸ਼ਨੀਵਾਰ ਨੂੰ ਬਠਿੰਡਾ ਗੋਨਿਆਣਾ ਰੋਡ ਤੇ ਵਾਪਰੇ ਸੜਕ ਹਾਦਸੇ ਤੋਂ ਬਾਅਦ ਭੇਦ ਭਰੇ ਹਾਲਾਤਾਂ ’ਚ ਲਾਪਤਾ ਹੋਏ ਜਲੰਧਰ ਤੋਂ ਛਪਦੇ ਰੋਜਾਨਾ ਪੰਜਾਬੀ ਅਖ਼ਬਾਰ ਅਜੀਤ ਦੇ ਜਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਦੀ ਲਾਸ਼ ਮਿਲ ਗਈ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਪੁਲਿਸ ਦੀ ਮੌਜੂਦਗੀ ’ਚ ਕੰਵਲਜੀਤ ਸਿੰਘ ਦੀ ਲਾਸ਼ ਕੌਮੀ ਖਾਦ ਕਾਰਖਾਨੇ ਦੀਆਂ ਝੀਲਾਂ ਚੋਂ ਬਾਹਰ ਕੱਢੀ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ। ਫਿਲਹਾਲ ਕੰਵਲਜੀਤ ਸਿੰਘ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਬਾਰੇ ਜਾਣਕਾਰੀ ਹਾਸਲ ਹੋ ਸਕੇਗੀ।
ਇਸ ਤੋਂ ਪਹਿਲਾਂ ਥਾਣਾ ਥਰਮਲ ਪੁਲਿਸ ਨੇ ਇਸ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਵਲ੍ਹਾਣ ਵਾਸੀ ਸ਼ਾਂਤ ਨਗਰ ਬਠਿੰਡਾ ਦੇ ਬਿਆਨਾ ਦੇ ਅਧਾਰ ਤੇ ਅਣਪਛਾਤਿਆਂ ਖਿਲਾਫ ਧਾਰਾ 365 ਤਹਿਤ ਮੁਕੱਦਮਾ ਦਰਜ ਕੀਤਾ ਸੀ। ਅੰਮ੍ਰਿਤਪਾਲ ਸਿੰਘ ਵਲ੍ਹਾਣ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਸ਼ਨੀਵਾਰ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕੰਵਲਜੀਤ ਸਿੰਘ ਦਾ ਹਾਦਸਾ ਹੋ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਜਦੋਂ ਉਹ ਹਾਦਸੇ ਵਾਲੀ ਥਾਂ ਤੇ ਪਹੁੰਚੇ ਤਾਂ ਕੰਵਲਜੀਤ ਦਾ ਮੋਟਰਸਾਈਕਲ ਲਾਵਾਰਿਸ ਖਲੋਤਾ ਮਿਲ ਮਿਲ ਗਿਆ ਪਰ ਉਹ ਖੁਦ ਉੱਥੇ ਨਹੀਂ ਸੀ।ਗੌਰਤਲਬ ਹੈ ਕਿ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਨੂੰ ਬਠਿੰਡਾ ਸਬ ਆਫਿਸ ਤੋਂ ਕਰੀਬ ਢਾਈ ਵਜੇ ਆਪਣੇ ਮੋਟਰਸਾਈਕਲ ਤੇ ਸਵਾਰ ਹੋਕੇ ਗੋਨਿਆਣਾ ਵੱਲ ਗਏ ਸਨ ਜਿੱਥੇ ਕਿਸੇ ਅਣਪਛਾਤੀ ਗੱਡੀ ਨੇ ਫੇਟ ਮਾਰ ਦਿੱਤੀ।
ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਕੌਮੀ ਖਾਦ ਕਾਰਖਾਨੇ ਦੇ ਨਜ਼ਦੀਕ ਪੈਂਦੇ ਪੈਟਰੋਲ ਪੰਪ ਲਾਗੇ ਕੰਵਲਜੀਤ ਨੂੰ ਜਖਮੀ ਹਾਲਤ ’ਚ ਦੇਖਿਆ ਗਿਆ ਜਿੱਥੋਂ ਉਹ ਆਪਣੇ ਮੋਟਰਸਾਈਕਲ ਤੇ ਬਠਿੰਡਾ ਵੱਲ ਚਲਾ ਗਿਆ ਸੀ। ਪ੍ਰੀਵਾਰ ,ਪੁਲਿਸ ਅਤੇ ਸਾਥੀ ਪੱਤਰਕਾਰਾਂ ਨੇ ਕੰਵਲਜੀਤ ਸਿੰਘ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਪਰ ਕੋਈ ਥਹੁ ਪਤਾ ਨਾਂ ਲੱਗ ਸਕਿਆ ਪਰ ਅੱਜ ਲਾਸ਼ ਮਿਲੀ ਹੈ। ਅਚਾਨਕ ਹੋਈ ਇਸ ਮੌਤ ਨੂੰ ਲੈਕੇ ਪ੍ਰੀਵਾਰ ’ਚ ਸਦਮੇ ਦਾ ਮਹੌਲ ਹੈ ਜਦੋਂਕਿ ਬਠਿੰਡਾ ਦਾ ਪੱਤਰਕਾਰ ਭਾਈਚਾਰਾ ਵੀ ਗਮ ’ਚ ਡੱਬ ਗਿਆ ਹੈ। ਅੱਜ ਵੱਖ-ਵੱਖ ਪੱਤਰਕਾਰਾਂ ਨੇ ਕੰਵਲਜੀਤ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਨੂੰ ਬਠਿੰਡਾ ਦੇ ਮੀਡੀਆ ਲਈ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਕੰਵਲਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ ਜਿਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਢਲੇ ਤੌਰ ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਬਲਕਿ ਪੋਸਟਮਾਰਟਮ ਰਿਪੋਰਟ ਆਉਣ ਤੇ ਹੀ ਸਹੀ ਜਾਣਕਾਰੀ ਮਿਲ ਸਕੇਗੀ।