ਅਸ਼ੋਕ ਵਰਮਾ
ਬਠਿੰਡਾ, 19 ਅਪਰੈਲ 2021: ਜਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਤੇ ਸਰਕਾਰੀ ਸਿਵਲ ਹਸਪਤਾਲ ਭਗਤਾ ਭਾਈ ਨੇ ਡੇਰਾ ਸੱਚਾ ਸੌਦਾ ਸਲਾਬਤਪੁਰਾ ’ਚ ਕਰੋਨਾ ਤੋਂ ਬਚਾਓ ਲਈ ਵੈਕਸੀਨੇਸ਼ਨ ਕੈਂਪ ਲਾਇਆ ਜਿਸ ’ਚ 660 ਡੇਰਾ ਸ਼ਰਧਾਲੂਆਂ ਦਾ ਟੀਕਾਕਰਨ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੋਵਿਡ-19 ਤਹਿਤ ਜਾਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਗਈ।ਕੈਂਪ ਦੌਰਾਨ ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਢਿੱਲੋਂ, ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਸਕੱਤਰ ਦਰਸ਼ਨ ਕੁਮਾਰ ਅਤੇ ਡੀ ਐਸ ਪੀ ਫੂਲ ਜਸਵੀਰ ਸਿੰਘ ਨੇ ਸ਼ਿਰਕਤ ਕੀਤੀ ਜਦੋਂਕਿ ਡੇਰਾ ਸਰਸਾ ਦੇ ਪ੍ਰਬੰਧਕ ਜਗਜੀਤ ਸਿੰਘ ਬਠਿੰਡਾ ਅਤੇ ਡੇਰਾ ਸਲਾਬਤਪੁਰਾ ਦੇ ਪ੍ਰਬੰਧਕ ਸੁਖਦੇਵ ਸਿੰਘ ਪੱਖੋ ਹਾਜਰ ਸਨ। ਸਿਵਲ ਸਰਜਨ ਬਠਿੰਡਾ ਡਾ ਤੇਜੰਵਤ ਸਿੰਘ ਢਿੱਲੋਂ ਨੇ ਡੇਰਾ ਸ਼ਰਧਾਲੂਆਂ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ।
ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜੂਕੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੈਕਸੀਨੇਸ਼ਨ ਲਈ ਪੰਜ ਵੱਖ ਵੱਖ ਟੀਮਾਂ ਲਗਾਈਆਂ ਗਈਆਂ ਸਨ, ਤਾਂ ਜੋ ਟੀਕਾਕਰਨ ਸੁਖਾਲੇ ਢੰਗ ਨਾਲ ਹੋ ਸਕੇ। ਇਸ ਮੈਗਾ ਕੈਂਪ ਦੇ ਇੰਚਾਰਜ ਡਾ ਸਵਰਨਜੀਤ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੂਠੀਆਂ ਅਫਵਾਹਾਂ ਵੱਲ ਧਿਆਨ ਨਾ ਦੇ ਕੇ ਖੁੱਦ ਅੱਗੇ ਆ ਕੇ ਕਰੋਨਾ ਵਾਇਰਸ ਤੋਂ ਬਚਾਓ ਲਈ ਟੀਕਾਕਰਨ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ 45 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਦਾ ਨੇੜਲੇ ਸਰਕਾਰੀ ਸੰਸਥਾ ਵਿਖੇ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਕੈਂਪ ’ਚ ਫਾਰਮੇਸੀ ਅਫਸਰ ਸੁਖਪਾਲ ਸਿੰਘ, ਸਿਹਤ ਸੁਪਰਵਾਈਜਰ ਜਸਵੀਰ ਸਿੰਘ, ਸਵਿਤਾ ਰਾਣੀ ਐਲ ਐਚ ਵੀ ਦੀ ਅਗਵਾਈ ਹੇਠ ਸੀ ਐਚ ਓ, ਸਿਹਤ ਕਰਮਚਾਰੀਆਂ, ਏ ਐਨ ਐਮ, ਆਸ਼ਾ ਵਰਕਰਾਂ ਨੇ ਭਾਗ ਲਿਆ।