ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 19 ਅਪ੍ਰੈਲ 2021: ਨਾਮ ਸਿਮਰਨ ਦੇ ਧਨੀ ਸੰਤ ਬਾਬਾ ਗੁਰਚਰਨ ਸਿੰਘ ਜੀ ਨਾਨਕਸਰ ਵਾਲਿਆਂ ਨੇ ਕਰਮਯੋਗੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਨਿਰਮਲ ਕੁਟੀਆ ਸੀਚੇਵਾਲ ਵਿਖੇ ਪ੍ਰੇਮ ਭੇਂਟ ਕੀਤੀ। ਇਸ ਮੌਕੇ ਸੰਤ ਸੀਚੇਵਾਲ ਜੀ ਨੇ ਉਨ੍ਹਾਂ ਨੂੰ ਸੀਚੇਵਾਲ ਵਿਖੇ ਚੱਲ ਰਹੇ ਸੇਵਾ ਕਾਰਜਾਂ ਦੇ ਦਰਸ਼ਨ ਕਰਵਾਏ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿਚੋਂ ਸੰਤ ਸੀਚੇਵਾਲ ਜੀ ਨੇ ਬਾਬਾ ਜੀ ਨੂੰ ਹਰਬਲ ਬੂਟੇ ਭੇਂਟ ਕੀਤੇ। ਨਿਰਮਲ ਕੁਟੀਆ ਦੇ ਆਰਗੈਨਿਕ ਫਾਰਮ ਵਿੱਚੋਂ ਲੰਗਰ ਵਾਸਤੇ ਆਰਗੈਨਿਕ ਸਬਜੀ ਵੀ ਦਿੱਤੀ। ਨਾਨਕ ਹੱਟ, ਅਵਤਾਰ ਰੇਡੀਉ ਅਤੇ ਵਿਦਿਅਕ ਅਧਾਰਿਆ ਦਾ ਵੀ ਦੌਰਾ ਕੀਤਾ।ਨਿਰਮਲ ਕੁਟੀਆ ਵਿਖੇ ਸੰਤ ਗੁਰਚਰਨ ਸਿੰਘ ਜੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਤ ਗੁਰਚਰਨ ਸਿੰਘ ਜੀ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਵਲੋਂ ਕਾਦਰ ਦੀ ਕੁਦਰਤ ਨੂੰ ਸੰਵਾਰਨ ਲਈ ਕੀਤੀ ਘਾਲਣਾ ਲਈ ਪੂਰਾ ਵਿਸ਼ਵ ਉਨ੍ਹਾਂ ਦੇ ਚਰਨਾ ਵਿਚ ਨਤਮਸਤਕ ਹੈ। ਸੰਤ ਜੀ ਵਲੋਂ ਮਨੁੱਖਤਾ ਦੇ ਭਲੇ ਲਈ ਲਗਾਤਾਰ ਦਿਨ ਰਾਤ ਸਖਤ ਮਿਹਨਤ ਕਰਨਾ ਕੌਮ ਲਈ ਫਕਰ ਵਾਲੀ ਗੱਲ ਹੈ।ਜਿੰਨੀ ਮਿਹਨਤ ਲੋਕਾਂ ਵਿੱਚ ਵਿਚਰ ਕੇ ਸੰਤ ਜੀ ਕਰ ਰਹੇ ਹਨ ਉਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ।
ਇਸ ਮੌਕੇ ਸੰਤ ਸੀਚੇਵਾਲ ਜੀ ਨੇ ਵੀ ਉਨ੍ਹਾਂ ਵਲੋਂ ਨਾਮ ਸਿਮਰਨ ਦੇ ਅਭਿਆਸ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਸੰਤ ਜੀ ਨੇ ਕਿਹਾ ਕਿ ਨਾਮ ਸਿਮਰਨ ਦੀ ਇਕਾਗਰ ਚਿੱਤ ਹੋ ਘਾਲ ਘੁਮਾਈ ਕਰਨਾ ਸਭ ਤੋਂ ਕਠਿਨ ਹੈ।ਨਾਨਕਸਰ ਸੰਪ੍ਰਦਾ ਨੇ ਸਮਾਜ ਵਿੱਚ ਉਸ ਸਮੇਂ ਨਾਮ ਸਿਮਰਨ ਦਾ ਬੀਜ ਬੋਇਆ ਜਦ ਕੌਮ ਨੂੰ ਬਹੁਤ ਲੋੜ ਸੀ।
ਇਸ ਮੌਕੇ ਸੰਤ ਸੁਖਜੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਸਤਵੰਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਕੇਹਰ ਸਿੰਘ, ਭਾਈ ਗੁਰਜੰਟ ਸਿੰਘ ਤੇ ਭਾਈ ਸੁਰਜੀਤ ਸਿੰਘ ਸ਼ੰਟੀ ਜੀ ਹਾਜਿਰ ਸਨ।