ਗੋਲੇਵਾਲਾ ਸਕੂਲ ਵਿਖੇ ਮੁਫਤ ਕੋਰੋਨਾ ਟੀਕਾਕਰਨ ਕੈਂਪ ਅੱਜ
ਫਰੀਦਕੋਟ 19 ਅਪ੍ਰੈਲ 2021: ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਜ਼ਿਲੇ ਅੰਦਰ ਕੋਰੋਨਾ ਤੋਂ ਬਚਾਅ ਸਬੰਧੀ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ,ਸਿਵਲ ਸਰਜਨ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੇ ਵੱਖ-ਵੱਖ ਖੇਤਰਾਂ,ਪਿੰਡ-ਕਸਬਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੀਆਂ ਹਨ।ਐੱਸ.ਡੀ.ਐਮ ਫਰੀਦਕੋਟ ਮੈਡਮ ਪੂਨਮ ਸਿੰਘ ਵੱਲੋਂ ਬਲਾਕ ਜੰਡ ਸਾਹਿਬ ਅਧੀਨ ਪਿੰਡਾਂ ਵਿੱਚ ਕੋਰੋਨਾ ਸੈਂਪਲਿੰਗ ਅਤੇ ਟੀਕਾਕਰਨ ਕੈਂਪਾਂ ਸਬੰਧੀ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਉਨ੍ਹਾਂ ਬਲਾਕ ਅਧੀਨ ਮਾਈਕਰੋ ਕੰਟੇਨਮੈਂਟ ਬਣਾਏ ਪਿੰਡਾਂ ਅਤੇ ਐਕਟਿਵ ਮਰੀਜ਼ਾਂ ਦੀ ਸਿਹਤ,ਮਿਸ਼ਨ ਫਤਿਹ ਕਿੱਟਾਂ ਸਬੰਧੀ ਜਾਣਕਾਰੀ ਇੱਕਤਰ ਕੀਤੀ।ਉਨ੍ਹਾਂ ਦੱਸਿਆ ਕਿ ਅੱਜ 20 ਅਪ੍ਰੈਲ ਦਿਨ ਮੰਗਲਵਾਰ ਨੂੰ ਗੋਲੇਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫਤ ਕੋਰੋਨਾ ਟੀਕਾਕਰਨ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਕੈਂਪ ਵਿੱਚ ਫਰੰਟ ਲਾਈਨ ਵਰਕਰਾਂ ਜਿਵੇਂ ਪੰਚਾਇਤੀ ਰਾਜ ਸੰਸਥਾਵਾਂ ਦਾ ਸਟਾਫ,ਸਰਕਾਰੀ ਅਧਿਆਪਕਾਂ,ਇਲੈਕਸ਼ਨ ਡਿਊਟੀ ਅਫਸਰਾਂ ਆਦਿ ਦੇ ਨਾਲ-ਨਾਲ ਹੁਣ 45 ਸਾਲ ਤੋਂ ਉਪਰ ਉਮਰ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ।ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਹ ਟੀਕਾ ਬਿੱਲਕੁਲ ਮੁਫਤ ਲਗਾਇਆ ਜਾ ਰਿਹਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿਖੇ ਕੋਰੋਨਾ ਦਾ ਟੀਕਾ 250/-ਰੁਪਏ ਪ੍ਰਤੀ ਡੋਜ਼ ਹੈ,ਜ਼ਿਲੇ ਅੰਦਰ 86 ਕੋਰੋਨਾ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ,ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ,ਹਰ ਸਬ-ਸੈਂਟਰ-ਵੈੱਲਨੈਸ ਸੈਂਟਰ,ਸੀ.ਐਚ.ਸੀ,ਸ਼ਹਿਰੀ ਤੇ ਪੇਂਡੂ ਪੀ.ਐਚ.ਸੀ,ਸਬ-ਡਵੀਜ਼ਨਲ ਹਸਪਤਾਲਾਂ,ਪ੍ਰਾਈਵੇਟ ਹਸਪਤਾਲਾਂ,ਮਾਡਰਨ ਜੇਲ ਅਤੇ ਮਿਲਟਰੀ ਹਸਪਤਾਲ ਵਿੱਚ ਕੋਰੋਨਾ ਤੋਂ ਬਚਾਅ ਲਈ ਕੋਰੋਨਾ ਟੀਕਾਕਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਸਰਕਾਰ ਵੱਲੋਂ ਇਹ ਯਕੀਨ ਦਵਾਇਆ ਜਾ ਰਿਹਾ ਹੈ ਕਿ ਸਾਰੀਆਂ ਅਜਮਾਇਸ਼ਾਂ,ਸ਼ਰਤਾਂ ਅਤੇ ਕਸੋਟੀਆਂ ਤੇ ਖਰੀ ਉਤਰਣ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨ ਦਾ ਟੀਕਾ ਹੀ ਲਗਾਇਆ ਜਾ ਰਿਹਾ ਹੈ,ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਲੈਣੀ ਹੋਵੇਗੀ ਤੇ ਦੂਜੀ ਖੁਰਾਕ ਲੈਣ ਤੋਂ 2 ਹਫਤਿਆਂ ਬਾਅਦ ਸਰੀਰ ਵਿੱਚ ਐਂਟੀਬਾਡੀ ਦਾ ਸੁਰੱਖਿਆਤਮਕ ਪੱਧਰ ਪੈਦਾ ਹੋਵੇਗਾ। ਉਨਾਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਆਪਣੇ ਪਿੰਡ ਦੇ ਸਿਹਤ ਵਿਭਾਗ ਦੇ ਸਟਾਫ,ਸਰਕਾਰੀ ਵੈਬਸਾਈਟ ਜਾਂ ਜਾਰੀ ਹੈਲਪ ਲਾਈਨ ਨੰਬਰ ਤੇ ਹੀ ਸੰਪਰਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸਬੰਧਤ ਸਟਾਫ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕੇ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਕੋਰੋਨਾ ਸੈਂਪਲਿੰਗ ਤੇ ਟੀਕਾਕਰਨ ਕੈਂਪਾਂ ਵਿੱਚ ਪੂਰਨ ਸਹਿਯੋਗ ਦੇਣ ਅਤੇ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਤਾਂ ਜੋ ਇਸ ਮਹਾਂਮਾਰੀ ਤੇ ਜਲਦ ਤੋਂ ਜਲਦ ਕਾਬੂ ਪਾਇਆ ਜਾ ਸਕੇ।ਇਸ ਮੌਕੇ ਸਟਾਫ ਮੈਂਬਰ ਗੁਰਤੇਜ ਸਿੰਘ,ਮੁਕੇਸ਼ ਕੁਮਾਰ ਅਤੇ ਲੱਕੀ ਵੀ ਹਾਜਰ ਸਨ।
ਫੋਟੋ ਕੈਪਸ਼ਨ- ਕੋਰੋਨਾ ਟੀਕਾਕਰਨ ਕਰਵਾਉਣ ਦੀ ਅਪੀਲ ਕਰਦੇ ਹੋਏ ਐੱਸ.ਡੀ.ਐਮ ਪੂਨਮ ਸਿੰਘ,ਐੱਸ.ਐਮ.ਓ ਡਾ.ਰਜੀਵ ਭੰਡਾਰੀ ਅਤੇ ਬੀ.ਈ.ਈ ਡਾ.ਪ੍ਰਭਦੀਪ ਚਾਵਲਾ।