ਅਸ਼ੋਕ ਵਰਮਾ
ਬਠਿੰਡਾ, 19 ਅਪਰੈਲ 2021: ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜਿਲ੍ਹਾ ਬਠਿੰਡਾ ਨੇ ਅੱਜ ਇੱਕ ਸਹਾਇਕ ਰਜਿਸਟਰਾਰ ਵੱਲੋਂ ਕਿਸਾਨੀ ਸੰਘਰਸ਼ ਲਈ ਇਕੱਠੇ ਕੀਤੇ ਪੈਸਿਆਂ ’ਚ ਚੱਕ ਥੱਲ ਖਿਲਾਫ ਰੋਸ ਜਤਾਉਂਦਿਆਂ ਇਸ ਅਧਿਕਾਰੀ ਦੀ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਯੂਨੀਅਨ ਦੀ ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਇਸ ਸਹਾਇਕ ਰਜਿਸਟਰਾਰ ਨੇ ਸਭਾਵਾਂ ਦੇ ਮੁਲਾਜਮਾਂ ਨੂੰ ਪ੍ਰੇਸ਼ਾਨ ਕਰਕੇ ਕਿਸਾਨੀ ਸੰਘਰਸ਼ ਦੇ ਨਾਮ ਤੇ ਕਰਮਚਾਰੀਆਂ ਤੋਂ ਫੰਡ ਇਕੱਠਾ ਕਰ ਕੇ ਅੱਗੇ ਸੰਘਰਸ਼ ਵਿਚ ਘੱਟ ਭੇਜਿਆ ਹੈ ਜਿਸ ਨੂੰ ਲੈਕੇ ਉਨ੍ਹਾਂ ’ਚ ਰੋਸ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਿਤੀ 12 ਅਪਰੈਲ ਨੂੰ ਸਹਿਕਾਰਤਾ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਨੂੰ ਲਿਖਤੀ ਜਾਣਕਾਰੀ ਦਿਤੀ ਸੀ ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਇਸ ਦੇ ਰੋਸ ਵਜੋਂ ਜਿਲ੍ਹਾ ਕਮੇਟੀ ਨੇ ਇਸ ਏ ਆਰ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਸਹਿਕਾਰੀ ਮੁਲਾਜਮ ਇਸ ਨੂੰਕਿਸੇ ਵੀ ਸਭਾ ਵਿਚ ਦਾਖਲ ਨਹੀਂ ਹੋਣ ਦੇਣਗੇ। ਆਗੂਆਂ ਨੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਇਹ ਸਹਾਇਕ ਰਜਿਸਟਰਾਰ ਜਿਸ ਵੀ ਸਭਾ ਵਿਚ ਜਾਵੇ ਉਹ ਤੁਰੰਤ ਸਰਕਲ ਕਮੇਟੀ ਦੇ ਧਿਆਨ ਵਿਚ ਲਿਆਉਣ ੇ ਤਾਂ ਜੋ ਇਸ ਦਾ ਓਥੇ ਹੀ ਘਿਰਾਓ ਕੀਤਾ ਜਾ ਸਕੇ।ਾ ਅੱਜ ਦੀ ਮੀਟਿੰਗ ਵਿਚ ਬਲਜਿੰਦਰ ਕੁਮਾਰ ਸ਼ਰਮਾ ਸਰਕਲ ਪ੍ਰਧਾਨ ਬਠਿੰਡਾ, ਰਵਿੰਦਰ ਸ਼ਰਮਾ ਸਰਕਲ ਪ੍ਰਧਾਨ ਤਲਵੰਡੀ ਸਾਬੋ , ਦਰਸ਼ਨ ਸਿੰਘ ਸਰਕਲ ਪ੍ਰਧਾਨ ਫੂਲ, ਗੁਰਦੇਵ ਸਿੰਘ ਸਰਕਲ ਭਗਤਾ, ਬਿੱਕਰ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ,ਗੁਰਪਾਲ ਸਿੰਘ ਸੂਬਾ ਸਹਾਇਕ ਖਜਾਨਚੀ, ਕਰਮਜੀਤ ਸਿੰਘ ਜਿਲ੍ਹਾ ਮੀਤ ਪ੍ਰਧਾਨ, ਗੁਰਮੇਲ ਸਿੰਘ ਜਿਲ੍ਹਾ ਖਜਾਨਚੀ,ਕੁਲਦੀਪ ਸਿੰਘ ਬੁਰਜ ਕਾਹਨ ਸਿੰਘ ਵਾਲਾ, ਰਘਵੀਰ ਸਿੰਘ ਸਰਕਲ ਖਜਾਨਚੀ ਬਠਿੰਡਾ, ਅਮਨਦੀਪ ਸਿੰਘ ਸਰਕਲ ਜਰਨਲ ਸਕੱਤਰ ਬਠਿੰਡਾ,ਅਮਰਜੀਤ ਸਿੰਘ ਜਿਲ੍ਹਾ ਕਮੇਟੀ ਮੈਂਬਰ, ਸਵਰਨ ਸਿੰਘ ਝੁੰਬਾ, ਲਖਵੀਰ ਸਿੰਘ ਮੁਲਤਾਨੀਆਂ, ਜਗਜੀਤ ਸਿੰਘ ਦਿਉਣ ਅਤੇ ਸੁਖਮੰਦਰ ਸਿੰਘ ਜੋਗਾ ਨੰਦ ਆਦਿ ਕਰਮਚਾਰੀ ਆਗੂ ਹਾਜਰ ਸਨ।