ਹਰੀਸ਼ ਕਾਲੜਾ
ਰੂਪਨਗਰ, 19 ਅਪ੍ਰੈਲ 2021: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਤੋਂ ਅਰੰਭ ਹੋਇਆ ਨਗਰ ਕੀਰਤਨ ਬੀਤੀ ਰਾਤ 11 ਵਜੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ਼੍ਰੀ ਭੱਠਾ ਸਾਹਿਬ ਪਹੁੰਚਿਆ ਅਤੇ ਇਥੇ ਸੰਗਤਾਂ ਨੇ ਵਿਸ਼ਰਾਮ ਕੀਤਾ।ਅੱਜ ਸੋਮਵਾਰ ਸਵੇਰੇ 9 ਵਜੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋ ਅਰੰਭ ਹੋਇਆ ਅਤੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਨਗਰ ਕੀਰਤਨ ਦੌਰਾਨ ਪਾਲਿਕੀ ਸਾਹਿਬ 'ਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਕਤ ਹੋਈਆਂ ਅਤੇ ਵਿਸ਼ੇਸ਼ ਗੱਡੀ ਵਿਚ ਸੁਸ਼ੋਭਿਤ ਗੁਰੂ ਮਹਾਰਾਜ ਨਾਲ ਸਬੰਧਿਤ ਪੁਰਾਤਨ ਸ਼ਸ਼ਤਰਾਂ ਦੇ ਦਰਸ਼ਨ ਦੀਦਾਰ ਵੀ ਕੀਤੇ। ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਚ ਦਿੱਤੇ ਬਲਿਦਾਨ ਤੋਂ ਜਾਣੂ ਕਰਵਾਇਆ ਗਿਆ। ਨਗਰ ਕੀਰਤਨ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਲੋ ਦਿੱਤੇ ਬਲਿਦਾਨ ਤੋ ਜਾਣੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਕਿ ਸ਼੍ਰੀ ਅੰਮ੍ਰਿਤਸਰ ਤੋਂ ਵੱਖ ਵੱਖ ਸ਼ਹਿਰਾਂ ਤੋਂ ਹੁੰਦਿਆ ਹੋਇਆ ਸ਼੍ਰੀ ਭੱਠਾ ਸਾਹਿਬ ਪਹੁੰਚਿਆ ਹੈ। ਇਹ ਨਗਰ ਕੀਰਤਨ ਘਨੌਲੀ, ਭਰਤਗੜ੍ਹ, ਬੁੰਗਾ ਸਾਹਿਬ, ਕੀਰਤਪੁਰ ਸਾਹਿਬ ਤੋਂ ਹੁੰਦਾ ਹੋਇਆ ਤਖਤ ਸ਼੍ਰੀ ਕੇਸਗੜ੍ਹ ਸਾਹਿਬ ੁਪਹੁੰਚ ਕੇ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਸ਼ਬਦ ਕੀਰਤਨ ਅਤੇ ਸਿੱਖ ਇਤਿਹਾਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦਾ ਪਿੰਡ ਚੱਕਲਾਂ, ਰੋਡਮਾਜਰਾ, ਪਿੰਡ ਸਿੰਘ ਭਗਵੰਤਪੁਰਾ, ਰੰਗੀਲਪੁਰ, ਭਿਓਰਾ, ਪਾਵਰ ਕਲੋਨੀ ਦੀ ਸੰਗਤਾਂ ਵਲੋਂ ਵੀ ਬੀਤੀ ਰਾਤ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਸਵਾਜਟੀ ਗੇਟ ਬਣਾਏ ਗਏ ਸਨ। ਸ਼ਰਧਾਲੂਆਂ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਥਾਨ ਗੁਰਦਆਰਾ ਸ਼੍ਰੀ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਵਲੋਂ ਆਈ ਪਾਲਕੀ ਸਾਹਿਬ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਹ ਨਗਰ ਕੀਰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ ਗਰਦਆਰਾ ਸ਼੍ਰੀ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਵੱਲੋਂ ਸ਼ੁਰੂ ਹੋਇਆ ਸੀ, ਜੋ ਕਿ ਚਾਂਦਨੀ ਚੌਂਕ ਦਿੱਲੀ ਵੱਲੋਂ ਹੁੰਦਾ ਹੋਇਆ ਗੁਰਦਆਰਾ ਸ਼੍ਰੀ ਅੰਬ ਸਾਹਿਬ ਮੋਹਾਲੀ ਵਿਖੇ ਪਹੁੰਚਿਆ, ਜਿੱਥੋਂ ਅੱਜ ਸਵੇਰੇ ਰਵਾਨਾ ਹੋਣ ਤੋਂ ਬਾਅਦ ਦੇਰ ਸ਼ਾਮ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਪਹੁੰਚਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ, ਮਨਿੰਦਰਪਾਲ ਸਿੰਘ ਸਾਹਨੀ, ਵੇਦ ਪ੍ਰਕਾਸ਼ ਚੌਧਰੀ, ਮਨਪ੍ਰੀਤ ਸਿੰਘ ਗਿੱਲ, ਕਰਨੈਲ ਸਿੰਘ ਤੰਬੜ, ਮਨਜਿੰਦਰ ਸਿੰਘ ਧਨੋਆ, ਬੀਬੀ ਹਰਜੀਤ ਕੌਰ, ਜੱਥੇਦਾਰ ਭਾਗ ਸਿੰਘ, ਐਡਵੋਕੇਟ ਅਮਿੰਦਰਪ੍ਰੀਤ ਸਿੰਘ ਬਾਵਾ, ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਕਥਾਵਾਚਕ ਪਵਿੱਤਰ ਸਿੰਘ, ਅਕਾਉਂਟੈਂਟ ਕਰਮਜੀਤ ਸਿੰਘ, ਰਿਕਾਰਡ ਕੀਪਰ ਗੁਰਮੀਤ ਸਿੰਘ ਆਦਿ ਮੌਜੂਦ ਸਨ।