ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 19 ਅਪ੍ਰੈੱਲ 2021: ਸੱਤਪਾਲ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਯੋਗ ਸਰਪ੍ਰਸਤੀ ਅਤੇ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਯੋਗ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਅਧਿਆਪਕ/ਕਲਾਕਾਰਾਂ ਨੇ ਸਿੱਖਿਆ ਵਿਭਾਗ ਦੀ ਮੁਹਿੰਮ 'ਈਚ ਵਨ-ਬਰਿੰਗ ਵਨ' ਨੂੰ ਸ਼ਿਖਰਾਂ ਤੇ ਲਿਜਾਣ ਵਾਸਤੇ ਨੁੱਕੜ ਨਾਟਕ ਦੀ ਮਨਮੋਹਕ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ | ਇਸ ਮੌਕੇ ਉਨ੍ਹਾਂ ਸਰਕਾਰੀ ਸਕੂਲ ਅੰਦਰ ਦੇ ਬਦਲੇ ਸਵਰੂਪ, ਮਿਲਦੀਆਂ ਸਹੂਲਤਾਂ, ਬੱਚੇ ਦੇ ਸਰਵਪੱਖੀ ਵਿਕਾਸ ਵਾਸਤੇ ਕੀਤੇ ਜਾਂਦੇ ਉਪਰਾਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪੰਜਾਬ ਦੇ ਨਾਮਵਰ ਰੰਗਕਰਮੀ ਗਗਨਦੀਪ ਦੇ ਲਿਖੇ ਨਾਟਕ ਨੂੰ ਪ੍ਰਸਿੱਧ ਅਦਾਕਾਰ/ਰੰਗਕਰਮੀ ਰੰਗ ਹਰਜਿੰਦਰ ਦੀ ਨਿਰਦੇਸ਼ਨਾ ਹੇਠ ਖੇਡਿਆ | ਨਾਟਕ ਦੇ ਸਮੂਹ ਕਲਾਕਾਰ ਗਗਨਦੀਪ, ਰੰਗ ਹਰਜਿੰਦਰ, ਸੱਤਪਾਲ ਸ਼ਰਮਾ, ਵਿੱਕੀ ਸਿੰਘ, ਅਵਤਾਰ ਸਿੰਘ, ਸਪਰਜਨ ਜੌਨ, ਸਨਮ ਨੇ ਦਮਦਾਰ ਅਭਿਨੈ ਨਾਲ ਵਿਭਾਗ ਦਾ ਸੰਦੇਸ਼ ਸਫ਼ਲਤਾ ਨਾਲ ਦਿੱਤਾ | ਇਸ ਮੌਕੇ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਰਾਜ ਦੇ ਸਰਕਾਰੀ ਸਕੂਲ ਦੀ ਜਿੱਥੇ ਦਿੱਖ ਬਦਲੀ ਹੈ, ਉੱਥੇ ਉਨ੍ਹਾਂ ਸਕੂਲਾਂ ਅੰਦਰ ਅਤਿ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸੱਤਪਾਲ ਸ਼ਰਮਾ ਨੇ ਸਹੂਲਤਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਪਿ੍ੰਸੀਪਲ ਜਸਪਾਲ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ-ਦਬੜੀਖਾਨਾ, ਪਿ੍ੰਸੀਪਲ ਅਜੈ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬਾਜਾਖਾਨਾ, ਮੁੱਖ ਅਧਿਆਪਕ ਜਗਜੀਵਨ ਸਿੰਘ ਸਰਕਾਰੀ ਹਾਈ ਸਕੂਲ ਮੱਲਾ, ਵੱਖ-ਵੱਖ ਸਰਕਾਰੀ ਪ੍ਰਾਇਮਰੀ, ਹਾਈ, ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |ਇਸ ਮੌਕੇ ਵੱਖ-ਵੱਖ ਸਕੂਲਾਂ ਵੱਲੋਂ ਦਾਖਲੇ ਸਬੰਧੀ ਤਿਆਰ ਕੀਤੇ ਸਟਿੱਕਰ ਨੂੰ ਵੱਖ-ਵੱਖ ਵਹੀਕਲਜ਼ ਤੇ ਚਿਪਕਾਇਆ ਗਿਆ |