ਅਸ਼ੋਕ ਵਰਮਾ
ਨਵੀਂ ਦਿੱਲੀ, 19 ਅਪਰੈਲ 2021: ਸੰਗਰੂਰ ਜ਼ਿਲ੍ਹੇ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ 'ਤੇ ਪਕੋੜਾ ਚੌਕ ਲਾਗੇ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਡਟੇ ਕਿਰਤੀ ਲੋਕਾਂ ਨੂੰ ਪੰਜ ਮਹੀਨੇ ਪੂਰੇ ਹੋਣ ਵਾਲੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਰਤੀ ਲੋਕਾਂ ਨੂੰ ਖਦੇੜਨ ਲਈ ਕਰੋਨਾ ਦਾ ਇੱਕ ਵਾਰ ਫੇਰ ਸਹਾਰਾ ਲੈ ਕੇ ਲੋਕਾਂ ਵਿੱਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਮੋਰਚਾ ਸ਼ੁਰੂ ਹੋਇਆ ਸੀ ਤਾਂ ਸਰਕਾਰ ਨੇ ਸਾਨੂੰ ਅਤਿਵਾਦੀ,ਖਾਲਿਸਤਾਨੀ, ਨਕਸਲੀਏ,ਪਰਜੀਵੀ ਅਤੇ ਪਾਕਿਸਤਾਨ ਰਾਹੀਂ ਛੱਡੇ ਹੋਏ ਚੀਨ ਦੇ ਏਜੰਟ ਵੀ ਕਿਹਾ ਪਰ ਸਰਕਾਰ ਦੀ ਕੋਈ ਵੀ ਚਾਲ ਸਫਲ ਨਾ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਇੱਥੇ ਵੀ ਨਹੀਂ ਰੁਕੀ ਫਿਰ ਫਿਰਕੂ ਪੱਤਾ ਖੇਡ ਕੇ ਸਾਨੂੰ ਧਰਮ ਦੇ ਨਾਂ ਤੇ ਆਪਸ ਵਿੱਚ ਲੜਾਉਣ ਦੀ ਚਾਲ ਕੋਝੀ ਚੱਲੀ ਪਰ ਇਹ ਚਾਲ ਵੀ ਕਿਰਤੀ ਲੋਕਾਂ ਨੇ ਕੁੱਟ ਕੇ ਸੁੱਟ ਦਿੱਤੀ ਤਾਂ ਹੁਣ ਸਰਕਾਰ ਇੱਕ ਵਾਰ ਫੇਰ ਕੋਰੋਨਾ ਦਾ ਸਹਾਰਾ ਲੈ ਕੇ ਲੋਕਾਂ ਤੇ ਜਬਰੀ ਲੌਕਡਾਊਨ ਲਾ ਕੇ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ।
ਜ਼ਿਲ੍ਹਾ ਮੋਗਾ ਦੇ ਔਰਤ ਵਿੰਗ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਹਾ ਜਦੋਂ ਇਹ ਨੀਤੀਆਂ ਅੱਜ ਸਾਡੇ ਤੇ ਸਰਕਾਰ ਲਾਗੂ ਕਰਨ ਲਈ ਬਹੁਤ ਕਾਹਲੀ ਹੈ ਇਹ ਕੋਈ ਹੋਣੀ ਦੀ ਗੱਲ ਨਹੀਂ ਇਹ ਉਹ ਸਾਮਰਾਜੀ ਤਾਕਤਾਂ ਵੱਲੋਂ ਸੋਚੀ ਸਮਝੀ ਚਾਲ ਤਹਿਤ ਸਾਡੇ ਤੇ ਮੜ੍ਹੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਵਿੱਚ ਹੋ ਰਹੀਆਂ ਸ਼ਹੀਦੀਆਂ ਨੂੰ ਸਾਮਰਾਜੀ ਹਕੂਮਤਾਂ,ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਦੇ ਕੀਤੇ ਕਤਲ ਹਨ। ।ਮੋਰਚੇ ਵਿੱਚ ਹੋਈਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ। ਇਹ ਸ਼ਹੀਦੀਆਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਖਾਤਮਾ ਕਰਨਗੀਆਂ ਅਤੇ ਕਿਸਾਨਾਂ,ਮਜਦੂਰਾਂ ਦੀ ਪੁੱਗਤ ਦਾ ਰਾਜ ਲੈ ਕੇ ਆਉਣਗੀਆਂ।
ਬਲਾਕ ਲਹਿਰਾਗਾਗਾ ਦੇ ਆਗੂ ਮਾਸਟਰ ਗੁਰਚਰਨ ਸਿੰਘ ਖੋਖਰ ਨੇ ਕਿਹਾ ਕਿ ਮੋਦੀ ਹਕੂਮਤ ਦੀ ਦੂਜੀ ਪਾਰੀ ਦੇ ਮਾਡਲ ਤੋਂ ਸਾਬਤ ਹੁੰਦਾ ਹੈ ਕਿ ਸਰਕਾਰਾਂ ਦਾ ਕੰਮ ਸਿਰਫ ਡੰਡੇ ਨਾਲ ਰਾਜ ਕਰਨਾ ਅਤੇ ਹਰ ਤਰ੍ਹਾਂ ਦੇ ਸਰਕਾਰੀ ਸਰੋਤਾਂ ਨੂੰ ਸੰਕਟ ਵਿੱਚ ਘਿਰੇ ਕਹਿ ਕੇ ਵੇਚ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਸਬੂਤ ਇੱਕ ਸਾਲ ਤੋਂ ਸਿਹਤ ਸਹੂਲਤਾਂ ਨੂੰ ਪ੍ਰਫੁੱਲਿਤ ਕਰਨ ਦੀ ਥਾਂ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ, ਭੋਜਨ, ਸਿਖਿਆ, ਰੁਜ਼ਗਾਰ ਆਦਿ ਨਾਲ ਸਬੰਧਤ ਸਰਕਾਰੀ ਸਹਾਇਤਾ ਅਤੇ ਲੋੜ ਦੋ ਹਨ ਸਰਕਾਰਾ ਵੱਲੋਂ ਦੇਣੀ ਬਣਦੀ ਸੀ,ਤੋਂ ਪਾਸਾ ਵੱਟ ਲਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਸੰਕਟ ਭਰੀਆ ਹਾਲਤਾਂ ਵਿੱਚ ਦੇਸ਼ ਦੀ ਜਨਤਾ ਨੂੰ ਨਵੀਂ ਤਰ੍ਹਾਂ ਦੇ ਦੁੱਖਾਂ ਵੱਲ ਘਸੀਟਿਆ ਜਾ ਰਿਹਾ ਹੈ।ਅੱਜ ਦੀ ਸਟੇਜ ਦੀ ਕਾਰਵਾਈ ਗੁਰਭੇਜ ਸਿੰਘ ਫਾਜ਼ਿਲਕਾ ਨੇ ਬਾਖ਼ੂਬੀ ਨਿਭਾਈ।ਸਟੇਜ ਤੋ ਬਿੱਟੂ ਮੱਲਣ, ਸਰਬਜੀਤ ਕੌਰ,ਭਰਪੂਰ ਸਿੰਘ ਮੌੜ,ਰਾਜ ਕੌਰ ਬਰਾਸ,ਮਹਿੰਦਰ ਕੌਰ, ਕੁਲਦੀਪ ਕੌਰ,ਦੇਸ਼ਾਂ ਸਿੰਘ ਅਤੇ ਗੁਰਬਾਜ ਸਿੰਘ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ ।