ਟੈਕਸਾਸ 'ਚ ਟੇਸਲਾ ਕਾਰ ਵਿੱਚ ਹੋਇਆ ਧਮਾਕਾ, ਦੋ ਦੀ ਹੋਈ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਅਪ੍ਰੈਲ 2021: ਟੈਕਸਾਸ ਵਿੱਚ ਜਾਂਚ ਕਰਤਾ ਇੱਕ ਧਮਾਕੇ ਵਿੱਚ ਅੱਗ ਲੱਗਣ ਕਾਰਨ ਨੁਕਸਾਨੀ ਗਈ ਇੱਕ ਟੇਸਲਾ ਕਾਰ ਹਾਦਸੇ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸ਼ਨੀਵਾਰ ਰਾਤ 9 ਵਜੇ ਦੇ ਕਰੀਬ ਹਿਊਸਟਨ ਤੋਂ ਲੱਗਭਗ 30 ਮੀਲ ਉੱਤਰ ਵੱਲ ਇੱਕ ਕਸਬੇ ਵਿੱਚ ਵਾਪਰੀ। ਹੈਰਿਸ ਕਾਉਂਟੀ ਪੁਲਿਸ ਕਾਂਸਟੇਬਲ ਮਾਰਕ ਹਰਮਨ ਦੇ ਅਨੁਸਾਰ ਇਸ 2019 ਟੇਸਲਾ ਐਸ ਦੇ ਅੰਦਰ ਦੋ ਵਿਅਕਤੀ ਸਵਾਰ ਸਨ ਅਤੇ ਹਾਦਸੇ ਦੇ ਸਮੇਂ ਵਾਹਨ ਦੀ ਡਰਾਈਵਰ ਸੀਟ 'ਤੇ ਕੋਈ ਵੀ ਮੌਜੂਦ ਨਹੀਂ ਸੀ, ਕਿਉਂਕਿ ਕਾਰ ਦਾ ਇਹ ਮਾਡਲ ਆਟੋ ਪਾਇਲਟ ਸੀ। ਪੀੜਤਾਂ ਵਿਚੋਂ ਇੱਕ ਅਗਲੀ ਯਾਤਰੀ ਸੀਟ ਅਤੇ ਦੂਜਾ ਪਿਛਲੀ ਸੀਟ ਤੋਂ ਮਿਲਿਆ ਸੀ। ਮ੍ਰਿਤਕਾਂ ਦੀ ਉਮਰ 59 ਅਤੇ 69 ਸਾਲ ਦੀ ਸੀ, ਜਿਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਸ਼ਨੀਵਾਰ ਨੂੰ ਉਹਨਾਂ ਨੇ ਆਪਣੀਆਂ ਪਤਨੀ ਨੂੰ ਨਜ਼ਦੀਕੀ ਘਰ ਛੱਡ ਕੇ ਖੁਦ ਟੇਸਲਾ 'ਤੇ ਡ੍ਰਾਈਵ ਲਈ ਗਏ ਸਨ। ਜਾਂਚਕਰਤਾਵਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਸਬੂਤਾਂ ਦੇ ਅਧਾਰ ਤੇ, ਇਹ ਜਾਪਦਾ ਹੈ ਕਿ ਕਾਰ ਬਹੁਤ ਤੇਜ਼ੀ ਨਾਲ ਜਾ ਰਹੀ ਸੀ ਜਦੋਂ ਇਹ ਆਪਣਾ ਕੰਟਰੋਲ ਗੁਆ ਬੈਠੀ ਅਤੇ ਸੜਕ ਤੋਂ 100 ਫੁੱਟ ਤੋਂ ਵੀ ਹੇਠਾਂ ਉਤਰ ਗਈ। ਜਿਸ ਉਪਰੰਤ ਕਾਰ ਵਿੱਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ, ਜਿਸ ਉੱਪਰ ਅੱਗ ਬੁਝਾਊ ਕਾਮਿਆਂ ਵੱਲੋਂ ਚਾਰ ਘੰਟਿਆਂ ਵਿੱਚ ਕਾਬੂ ਪਾਇਆ ਗਿਆ। ਅਧਿਕਾਰੀਆਂ ਅਨੁਸਾਰ ਕਾਰ ਵਿੱਚ ਬੈਟਰੀ ਐਸਿਡ ਬਹੁਤ ਜਲਣਸ਼ੀਲ ਸੀ ,ਜਿਸਨੇ ਅੱਗ ਨੂੰ ਕਾਬੂ ਵਿੱਚ ਰੱਖਣਾ ਬਹੁਤ ਮੁਸ਼ਕਿਲ ਬਣਾ ਦਿੱਤਾ ਸੀ। ਇਸ ਹਾਦਸੇ ਦੀ ਜਾਂਚ ਲਈ ਕਾਰ ਤੋਂ ਡਾਟੇ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਹਿੱਸੇ ਵਜੋਂ ਟੇਸਲਾ ਅਤੇ ਵੱਖ ਵੱਖ ਸੰਘੀ ਏਜੰਸੀਆਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ।