ਸ਼ਿਕਾਗੋ ਵਿੱਚ ਮੈਕਡੌਨਲਡ ਦੀ ਡਰਾਈਵ ਥਰੂ ਵਿੱਚ 7 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਅਪ੍ਰੈਲ 2021: ਅਮਰੀਕਾ ਵਿੱਚ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਖੜੋਤ ਨਹੀਂ ਆ ਰਹੀ ਹੈ। ਦੇਸ਼ ਵਿੱਚ ਪ੍ਰਤੀਦਿਨ ਕਿਤੇ ਨਾ ਕਿਤੇ ਜਾਨਲੇਵਾ ਗੋਲੀਬਾਰੀ ਦੀ ਘਟਨਾ ਵਾਪਰ ਰਹੀ ਹੈ। ਗੋਲੀਬਾਰੀ ਦੀ ਇੱਕ ਹੋਰ ਤਾਜਾ ਘਟਨਾ ਵਿੱਚ ਸ਼ਿਕਾਗੋ 'ਚ ਇੱਕ 7 ਸਾਲ ਦੀ ਲੜਕੀ ਦੀ ਮੌਤ ਹੋ ਗਈ ਹੈ ਅਤੇ ਉਸਦਾ 29 ਸਾਲਾਂ ਪਿਤਾ ਜਖਮੀ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਉਨ੍ਹਾਂ ਨੂੰ ਸ਼ਿਕਾਗੋ ਦੇ ਵੈਸਟ ਸਾਈਡ ਵਿੱਚ ਮੈਕਡੋਨਲਡ ਦੇ ਡਰਾਈਵ ਥਰੂ ਵਿੱਚ ਐਤਵਾਰ ਦੇਰ ਰਾਤ ਗੋਲੀ ਮਾਰ ਦਿੱਤੀ ਗਈ, ਜਦਕਿ ਹਮਲਾਵਰ ਨਿਸ਼ਾਨੇਬਾਜ਼ ਅਜੇ ਵੀ ਫਰਾਰ ਹੈ। ਇਸ ਘਟਨਾ ਵਿੱਚ, ਸ਼ਿਕਾਗੋ ਦੇ ਇੱਕ ਪੁਲਿਸ ਅਧਿਕਾਰੀ ਨੇ ਜੈਸਲੀਨ ਐਡਮਜ਼ ਨਾਮ ਦੀ ਬੱਚੀ ਨੂੰ ਮੈਕਡੋਨਾਲਡ ਦੀ ਡਰਾਈਵ ਥਰੂ 'ਤੇ ਕਾਰ ਵਿੱਚ ਗੋਲੀਆਂ ਲੱਗਣ ਤੋਂ ਬਾਅਦ ਹਸਪਤਾਲ ਲਿਆਂਦਾ ,ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਜੈਸਲੀਨ ਨੂੰ ਉਸਦੇ ਸਰੀਰ ਤੇ ਕਈ ਵਾਰ ਗੋਲੀ ਮਾਰੀ ਗਈ ਸੀ ਅਤੇ ਉਸ ਦੇ ਪਿਤਾ, ਜੋਨਟੇ ਐਡਮਜ਼ (29) ਨੂੰ ਵੀ ਸੱਟ ਲੱਗੀ ਹੈ। ਉਸਨੂੰ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉਹ ਗੰਭੀਰ ਹਾਲਤ ਵਿੱਚ ਹੈ ਪਰ ਉਸਦੇ ਬਚ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਗੋਲੀਬਾਰੀ ਤੋਂ ਬਾਅਦ ਘੱਟੋ ਘੱਟ 30 ਸ਼ੈਲ ਕਾਸਿੰਗਜ਼ ਵਾਹਨ ਦੇ ਆਲੇ ਦੁਆਲੇ ਤੋਂ ਪ੍ਰਾਪਤ ਹੋਏ ਹਨ ਅਤੇ ਕਾਰ ਦੀਆਂ ਇਕ ਪਾਸੇ ਦੀਆਂ ਖਿੜਕੀਆਂ ਤੇ ਗੋਲੀਬਾਰੀ ਕੀਤੀ ਗਈ ਜਦਕਿ ਫਰੇਮ ਅਤੇ ਬੈਕ ਵਿੰਡੋ ਵਿੱਚ ਵੀ ਬੁਲੇਟ ਹੋਲ ਸਨ। ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਟਾਰਗੇਟ ਸੀ ਜਾਂ ਨਹੀਂ। ਮੈਕਡੋਨਲਡ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਦੋ ਲੋਕ ਡਰਾਈਵਿੰਗ ਦੌਰਾਨ ਸਲੇਟੀ ਰੰਗ ਦੀ ਕਾਰ ਵਿਚੋਂ ਬਾਹਰ ਆਏ ਅਤੇ ਉਹਨਾਂ ਨੇ ਐਡਮਜ਼ ਦੀ ਕਾਰ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਨੇ ਇਸ ਗੋਲੀਬਾਰੀ ਪ੍ਰਤੀ ਗੁੱਸਾ ਪ੍ਰਗਟ ਕਰਦਿਆਂ, ਪੀੜਤ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਹੈ।