ਇਟਲੀ, 20 ਅਪ੍ਰੈਲ 2021-ਇਸ ਵਾਰ ਦੀ ਵਿਸਾਖੀ ਕਈ ਪੱਖਾਂ ਕਰਕੇ ਪਹਿਲਾਂ ਨਾਲੋਂ ਵੱਖਰੀ ਕਰਕੇ ਦੇਖੀ ਜਾ ਰਹੀ ਹੈ, ਕਿਉਂਕਿ ਇਸ ਵਾਰ ਇੱਕ ਪਾਸੇ ਤਾਂ ਕੋਰੋਨਾ ਮਹਾਮਾਰੀ ਨੇ ਸਾਰੀ ਦੁਨੀਆ ਵਿੱਚ ਤਹਿਲਕਾ ਮਚਾਇਆ ਪਿਆ ਹੈ, ਦੂਸਰੇ ਪਾਸੇ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲੇ ਦੇ ਭਾਰਤ ਵਿੱਚ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਲੰਮਾ ਸਮਾਂ ਬੀਤ ਗਿਆ ਹੈ। ਇੰਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਗਈ ਅੱਠਵੀਂ ਸਾਹਿਤਕ ਲੜੀ ਦੇ ਸਮਾਗਮ ਵਿੱਚ ਵਿਸਾਖੀ ਉੱਪਰ ਵਿਚਾਰ ਚਰਚਾ ਕਰਨ ਲਈ ਲਈ “ਆਈ ਵਿਸਾਖੀ ਪੱਬ ਨੀ ਉੱਠਦਾ” ਦੇ ਸਿਰਲੇਖ ਹੇਠ ਆਨਲਾਈਨ ਸਾਹਿਤਿਕ ਸਮਾਗਮ ਕਰਵਾਇਆ ਗਿਆ, ਜੋ ਲੋਕ ਕਵੀ ਸੰਤ ਰਾਮ ਉਦਾਸੀ ਤੇ ਡਾ: ਭੀਮ ਰਾੳ ਅੰਬੇਦਕਰ ਜੀ ਨੂੰ ਸਮਰਪਿਤ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਿੱਖਿਆ ਸਾਸਤਰੀ ਤੇ ਚਿੰਤਕ ਡਾ: ਐਸਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਸ਼ਮੂਲੀਅਤ ਕੀਤੀ। ਮੁੱਖ ਬੁਲਾਰਿਆਂ ਵਜੋਂ ਡਾ. ਮੁਨੀਸ਼ ਕੁਮਾਰ ਦਿੱਲੀ, ਡਾ. ਸਿਮਰਨ ਸੇਠੀ ਰਾਮਾਨੁਜਨ ਕਾਲਜ ਦਿੱਲੀ ਯੂਨੀਵਰਸਿਟੀ, ਮੋਹਣ ਸਿੰਘ ਮੋਤੀ ਚੀਫ ਮੈਨੇਜਰ ਯੂਕੋ ਬੈਂਕ ਨੇ ਮੌਜੂਦਾ ਹਾਲਾਤਾਂ ਉੱਪਰ ਵਿਸਾਖੀ ਨਾਲ ਸੰਬੰਧਤ ਵਿਚਾਰਾਂ ਸਾਂਝੀਆਂ ਕੀਤੀਆਂ। ਮੋਹਣ ਸਿੰਘ ਮੋਤੀ ਨੇ ਵਿਸਾਖੀ ਦੇ ਇਤਿਹਾਸਕ ਤੇ ਧਾਰਮਿਕ ਪੱਖ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਤੋਂ ਬਾਅਦ ਡਾ. ਸਿਮਰਨ ਸੇਠੀ ਨੇ ਵਿਸਾਖੀ ਦੇ ਸਭਿਆਚਾਰ ਤੇ ਸਮਾਜਿਕ ਪੱਖ ਨੂੰ ਬਹੁਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਚਾਰਿਆ।
ਉਪਰੰਤ ਡਾ. ਮਨੀਸ਼ ਕੁਮਾਰ ਵੱਲੋਂ ਵਿਸਾਖੀ ਦੇ ਰਾਜਨੀਤਕ ਅਤੇ ਅਜੋਕੇ ਪੱਖ ਨੂੰ ਵਿਚਾਰਦਿਆਂ ਬਹੁਤ ਖੂਬਸੂਰਤ ਤੇ ਚੇਤੰਨ ਭਰਭੂਰ ਵਿਚਾਰ ਚਰਚਾ ਕੀਤੀ ਗਈ। ਤਿੰਨਾਂ ਹੀ ਬੁਲਾਰਿਆਂ ਦੀ ਸਾਰੀ ਵਿਚਾਰ ਚਰਚਾ ਵਿਸਾਖੀ ਦੇ ਉਪਰੋਕਤ ਪੱਖਾਂ ਨੂੰ ਲੈ ਕੇ ਸਮਾਗਮ ਨੂੰ ਬਹੁਤ ਉੱਚੇ ਪੱਧਰ ’ਤੇ ਲਿਜਾਣ ਵਿੱਚ ਸਫਲ ਰਹੀ। ਇਸ ਤੋਂ ਬਾਅਦ ਡਾ. ਐਸਪੀ ਸਿੰਘ ਅਤੇ ਪ੍ਰੋ. ਗੁਰਭਜਨ ਗਿੱਲ ਨੇ ਵਿਸਾਖੀ ਅਤੇ ਅੱਜਕੱਲ ਦੇ ਭੱਖਦੇ ਮਸਲਿਆਂ ’ਤੇ ਵਿਚਾਰ ਪੇਸ਼ ਕੀਤੇ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਜਿੱਥੇ ਆਰੰਭਕੀ ਬੋਲਾਂ ਵਿੱਚ ਸਭਨਾਂ ਨੂੰ ਜੀ ਆਇਆਂ ਆਖਿਆ ਉੱਥੇ ਉਨ੍ਹਾਂ ਵੀ ਅਜੋਕੇ ਸੰਦਰਭ ’ਤੇ ਚਿੰਤਾ ਵੀ ਜਾਹਿਰ ਕੀਤੀ। ਪ੍ਰੋ ਜਸਪਾਲ ਸਿੰਘ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ ਅਤੇ ਇਸ ਸਮਾਗਮ ਦਾ ਮੁਲਾਂਕਣ ਵੀ ਕੀਤਾ।
ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਕਿਹਰ ਸਰੀਫ ਜਰਮਨੀ, ਅਮਜਦ ਆਰਫੀ ਜਰਮਨੀ, ਜੀਤ ਸੁਰਜੀਤ ਬੈਲਜੀਅਮ, ਕਿਰਨ ਪਾਹਵਾ ਮੰਡੀ ਗੋਬਿੰਦਗੜ੍ਹ, ਜਗਦੀਪ ਸਾਹਪੁਰੀ ਮੋਗਾ, ਪਰੇਮਪਾਲ ਸਿੰਘ ਇਟਲੀ, ਸੋਹਣ ਸਿੰਘ ਹੈਦਰਾਬਾਦ, ਮਾਸਟਰ ਗੁਰਮੀਤ ਸਿੰਘ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਮੂਹ ਅਹੁਦੇਦਾਰ ਸ਼ਾਮਿਲ ਹੋਏ। ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਨੇ ਬਹੁਤ ਪ੍ਰਭਾਵਸ਼ਾਲੀ ਅੰਦਾਜ ਵਿੱਚ ਨਿਭਾਈ।