ਹਰਦਮ ਮਾਨ
ਸਰੀ, 20 ਅਪ੍ਰੈਲ 2021- ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਪੇਸ਼ ਕੀਤੇ ਪਹਿਲੇ ਫੈਡਰਲ ਬਜਟ ਵਿਚ ਸਾਲ 2020-2021 ਦੌਰਾਨ ਫੈਡਰਲ ਘਾਟਾ 354.2 ਬਿਲੀਅਨ ਡਾਲਰ ਰਹਿਣ ਦਾ ਅਨੁਮਾਨ ਦੱਸਿਆ ਗਿਆ ਹੈ।
ਦੇਸ਼ ਦੀ ਵਿੱਤ ਮੰਤਰੀ ਅਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਅੱਜ ਪੇਸ਼ ਕੀਤੇ ਇਸ ਬਜਟ ਵਿਚ ਨਵਾਂ 'ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ' ਸ਼ੁਰੂ ਕਰਨ, ਅਫੋਰਡੇਬਲ ਹਾਊਸਿੰਗ ਲਈ 2.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ, ਅਗਲੇ 5 ਸਾਲ ਵਿਚ 30 ਬਿਲੀਅਨ ਡਾਲਰ ਚਾਈਲਡ ਕੇਅਰ ਵਿਚ ਨਿਵੇਸ਼ ਕਰਨ, ਅਗਲੇ ਸਾਲ ਤਕ ਪ੍ਰੀ-ਸਕੂਲ ਡੇ-ਕੇਅਰ ਫੀਸ ਵਿਚ 50% ਤੱਕ ਕਟੌਤੀ ਕਰਨ, ਗ੍ਰੀਨ ਰਿਕਵਰੀ ਅਤੇ ਕਲੀਨ ਇਕਾਨਮੀ ਲਈ 17.6 ਬਿਲੀਅਨ ਡਾਲਰ, ਟੂਰਿਜ਼ਮ ਖੇਤਰ ਲਈ 1 ਬਿਲੀਅਨ ਡਾਲਰ, ਹਵਾਈ ਅੱਡਿਆਂ 'ਤੇ ਕੋਵਿਡ-19 ਟੈਸਟਿੰਗ 'ਲਈ 82.5 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਹੈ।
ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਅਤੇ ਰੈਂਟ ਸਬਸਿਡੀ ਪ੍ਰੋਗਰਾਮ 25 ਸਿਤੰਬਰ ਤੱਕ ਵਧਾਇਆ ਗਿਆ ਹੈ, ਇੰਪਲਾਇਮੈਂਟ ਇੰਸ਼ੋਰੈਂਸ ਸਿਕਨੈਸ ਬੈਨੀਫਿਟਸ 15 ਹਫਤੇ ਤੋਂ ਵਧਾ ਕੇ 26 ਹਫ਼ਤੇ ਤੱਕ ਕੀਤਾ ਗਿਆ ਹੈ ਅਤੇ ਘੱਟੋ ਘੱਟ ਫੈਡਰਲ ਵੇਜ 15 ਡਾਲਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਇਕ ਲੱਖ ਡਾਲਰ ਤੋਂ ਵੱਧ ਕੀਮਤ ਵਾਲੀਆਂ ਗੱਡੀਆਂ 'ਤੇ ਨਵਾਂ ਸੇਲਸ ਟੈਕਸ ਲੱਗੇਗਾ ਅਤੇ ਵੱਡੇ ਈ-ਕਾਮਰਸ ਕਾਰੋਬਾਰੀਆਂ ਉਪਰ 3% ਸਰਵਿਸ ਟੈਕਸ ਲਾਇਆ ਜਾਵੇਗਾ।